ਕੋਲਕਾਤਾ– ਪੱਛਮੀ ਬੰਗਾਲ ’ਚ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਉਪ-ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਵਾਨੀਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਨੇ ਪ੍ਰਿਯੰਕਾ ਟਿਬਰਵਾਲ ਨੂੰ ਉਮੀਦ ਬਣਾਇਆ ਹੈ। ਯਾਨੀ ਪੱਛਮੀ ਬੰਗਾਲ ਦੀ ਭਵਾਨੀਪੁਰ ਸੀਟ ਤੋਂ ਉਪ-ਚੋਣਾਂ ’ਚ ਪ੍ਰਿਯੰਕਾ ਟਿਬਰਵਾਲ, ਮਮਤਾ ਬੈਨਰਜੀ ਨੂੰ ਟੱਕਰ ਦੇਵੇਗੀ। ਪ੍ਰਿਯੰਕਾ ਟਿਬਰਵਾਲ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਨੇ ਹੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।
ਦੱਸ ਦੇਈਏ ਕਿ ਭਵਾਨੀਪੁਰ ਸੀਟ ਲਈ 30 ਸਤੰਬਰ ਨੂੰ ਵੋਟਿੰਗ ਹੋਵੇਗੀ। ਇਸੇ ਦਿਨ ਪੱਛਮੀ ਬੰਗਾਲ ਦੇ ਸਮਸੇਰਗੰਜ ਅਤੇ ਜੰਗੀਪੁਰ ਸੀਟਾਂ ਦੇ ਨਾਲ-ਨਾਲ ਓਡੀਸ਼ਾ ਦੇ ਪਿਪਲੀ ਚੋਣ ਖੇਤਰ ’ਚ ਵੀ ਉਪ-ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਬੀ.ਜੇ.ਪੀ. ਕਿਸਨੂੰ ਉਮੀਦਵਾਰ ਬਣਾਏਗੀ, ਇਸ ’ਤੇ ਸਾਰਿਆਂ ਦੀ ਨਜ਼ਰ ਸੀ ਕਿਉਂਕਿ ਨਾਮਜ਼ਦਗੀ ਦੇ ਤਿੰਨ ਹੀ ਦਿਨ ਬਚੇ ਹਨ। ਉਥੇ ਹੀ ਕਾਂਗਰਸ ਨੇ ਇਸ ਸੀਟ ’ਤੇ ਉਮੀਦਵਾਰ ਉਤਾਰਣ ਤੋਂ ਇਨਕਾਰ ਕਰ ਦਿੱਤਾ ਹੈ।
ਕੌਣ ਹੈ ਪ੍ਰਿਯੰਕਾ ਟਿਬਰਵਾਲ
41 ਸਾਲਾ ਪ੍ਰਿਯੰਕਾ ਕਲਕੱਤਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਵਕੀਲ ਹੈ। ਇਸ ਦੇ ਨਾਲ ਉਹ ਯੁਵਾ ਮੋਰਚਾ ਦੇ ਬੀ.ਜੇ.ਪੀ. ਯੂਥ ਵਿੰਗ ਦੇ ਉਪ-ਪ੍ਰਧਾਨ ਦੇ ਅਹੁਦੇ ’ਤੇ ਹੈ। ਪ੍ਰਿਯੰਕਾ ਸਾਲ 2014 ’ਚ ਬੀ.ਜੇ.ਪੀ. ’ਚ ਦਾਖਲ ਹੋਈ ਸੀ। ਉਸ ਸਮੇਂ ਪ੍ਰਿਯੰਕਾ ਬਾਬੁਲ ਸੁਪਰੀਓ ਦੀ ਕਾਨੂੰਨੀ ਸਲਾਹਕਾਰ ਹੁੰਦੀ ਸੀ ਉਹੀ ਹੀ ਪ੍ਰਿਯੰਕਾ ਨੂੰ ਬੀ.ਜੇ.ਪੀ. ’ਚ ਲਿਆਏ ਸਨ।
ਭਵਾਨੀਪੁਰ ’ਚ ਮਮਤਾ ਬੈਨਰਜੀ ਨੂੰ ਘੇਰਨ ਲਈ ਬੀ.ਜੇ.ਪੀ. ਨੇ ਵੱਡੀ ਰਣਨੀਤੀ ਬਣਾਈ ਹੈ। ਉਮੀਦਵਾਰ ਪ੍ਰਿਯੰਕਾ ਟਿਬਰਵਾਲ ਦੇ ਐਲਾਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਬੈਰਕਪੁਰ ਦੇ ਸਾਂਸਦ ਅਰਜੁਨ ਸਿੰਘ ਨੂੰ ਭਵਾਨੀਪੁਰ ਦਾ ਆਬਜ਼ਰਵਰ ਬਣਾਇਆ ਗਿਆ ਸੀ। ਅਰਜੁਨ ਸਿੰਘ ਦੇ ਨਾਲ ਸਾਂਸਦ ਸੌਮਿਤਰ ਖਾਨ ਅਤੇ ਜਯੋਤਿਰਮਯ ਸਿੰਘ ਨੂੰ ਕੋ-ਆਬਜ਼ਰਵਰ ਬਣਾਇਆ ਗਿਆ ਹੈ। ਭਵਾਨੀਪੁਰ ਦਾ ਇੰਚਾਰਜ ਮਹਾਮੰਤਰੀ ਸੰਜੇ ਸਿੰਘ ਨੂੰ ਬਣਾਇਆ, ਉਨ੍ਹਾਂ ਦੇ ਨਾਲ ਦੋ ਕੋ-ਇੰਚਾਰਜ ਬਣਾਏ ਗਏ ਹਨ। ਹਰ ਇਕ ਵਾਰਡ ਲਈ ਬੀ.ਜੇ.ਪੀ. ਨੇ ਇਕ-ਇਕ ਵਿਧਾਇਕ (ਕੁੱਲ 8) ਨੂੰ ਜ਼ਿੰਮੇਵਾਰੀ ਦਿੱਤੀ ਹੈ। ਅਭਿਨੇਤਾ ਰੁਦਰਨਿਲ ਘੋਸ਼ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।