ਚੰਡੀਗੜ੍ਹ : ਸੂਬੇ ਵਿਚ ਪੰਚਾਇਤੀ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸੇ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪਰਿਸ਼ਦਾਂ, ਬਲਾਕ ਸਮਿਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਆਖਿਆ ਹੈ ਕਿ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਹੈ।
ਸੂਬਾ ਚੋਣ ਕਮਿਸ਼ਨ ਅਨੁਸਾਰ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਚੋਣ ਨਿਸ਼ਾਨ ਬਾਲਟੀ, ਚੂੜੀਆਂ, ਚਿੜੀ ਬੱਲਾ, ਸੀਸੀਟੀਵੀ ਕੈਮਰਾ, ਚੱਕੀ, ਕੰਘਾ, ਕੈਮਰਾ, ਵੇਲਣਾ, ਫੁਹਾਰਾ, ਤੋਹਫ਼ਾ, ਅੰਗੂਰ, ਹੈਡਫੋਨ, ਖੁਰਪਾ, ਲੈਪਟਾਪ, ਲੈਟਰ ਬਾਕਸ, ਲਾਈਟਰ, ਲੰਚ ਬਾਕਸ, ਮਾਈਕ, ਮਿਕਸੀ, ਨਹੁੰ ਕਟਰ, ਹਾਰ, ਗਲੇ ਦੀ ਟਾਈ, ਪੈੱਨ ਡਰਾਈਵ, ਘੜਾ, ਪੈੱਨ ਸਟੈਂਡ, ਪੰਜਾਬੀ ਜੁੱਤੀ, ਪੈਟਰੋਲ ਪੰਪ, ਫਰਿੱਜ, ਰੋਡ ਰੋਲਰ, ਕਹੀ, ਸ਼ਟਰ, ਟ੍ਰੈਕਟਰ, ਟ੍ਰਾਫੀ, ਟੈਲੀਫੋਨ, ਟੈਲੀਵਿਜ਼ਨ, ਟੇਬਲ ਫੈਨ, ਰੁੱਖ ਅਤੇ ਤਾਕੀ ਦੀ ਵਰਤੋਂ ਕਰ ਸਕਦੇ ਹਨ।
ਇਸ ਤੋਂ ਇਲਾਵਾ ਪੰਚ ਦੀ ਚੋਣ ਲੜਨ ਵਾਲਿਆਂ ਲਈ ਸੇਬ, ਬੱਲੇਬਾਜ਼, ਬੈਲਟ, ਕਿਸ਼ਤੀ, ਚਟਾਈ, ਕੈਰਮ ਬੋਰਡ, ਕੰਪਿਊਟਰ ਮਾਊਸ, ਕਾਰ, ਕੇਕ, ਡੀਜ਼ਲ ਪੰਪ, ਡੰਬਲਜ਼, ਡਰਿੱਲ ਮਸ਼ੀਨ, ਮਿੱਟੀ ਦਾ ਦੀਵਾ, ਬਿਜਲੀ ਦਾ ਖੰਭਾ, ਕੰਨਾਂ ਦੀਆਂ ਵਾਲੀਆਂ, ਬੰਸਰੀ, ਫੁੱਟਬਾਲ, ਕੀਪ, ਹਰੀ ਮਿਰਚ, ਗੈਸ ਸਿਲੰਡਰ, ਗੈਸ ਚੁੱਲ੍ਹਾ, ਗਲਾਸ, ਹੈਲਮੇਟ, ਹੈੱਡ ਕਾਰਡ, ਹਰਮੋਨੀਅਮ ਤੇ ਹਾਕੀ ਤੇ ਬਾਲ ਸਣੇ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਇਨ੍ਹਾਂ ਚੋਣ ਨਿਸ਼ਾਨਾਂ ਸਬੰਧੀ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ਼-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ਾਂ ਅਨੁਸਾਰ ਇਸ ਵਾਰ ਸਰਪੰਚਾਂ ਤੇ ਪੰਚਾਂ ਦੀਆਂ ਚੋਣੀਂ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤਕ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕੇਗਾ। ਸਰਪੰਚ ਤੇ ਪੰਚ ਦੀ ਚੋਣ ਲੜਨ ਵਾਲਿਆਂ ਨੂੰ ਇਨ੍ਹਾਂ ਚੋਣ ਨਿਸ਼ਾਨਾਂ ਵਿੱਚੋਂ ਹੀ ਅਲਾਟ ਕੀਤਾ ਜਾਵੇਗਾ।