ਚੰਡੀਗੜ੍ਹ : ਖੇਤੀ ਦੇ ਸਹਾਇਕ ਕਿੱਤਿਆਂ ਨਾਲ ਜੁੜੇ ਉਤਪਾਦ ਆਪਣੇ ਬ੍ਰਾਂਡ ਤਹਿਤ ਬਾਜ਼ਾਰ ਵਿੱਚ ਵੇਚ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਹੁਣ ਆਪਣੇ ਬ੍ਰਾਂਡ ਅਧੀਨ ਸੂਬੇ ਦੇ ਰੇਸ਼ਮ ਉਤਪਾਦ ਮਾਰਕੀਟ ਵਿੱਚ ਉਤਾਰਨ ਵੱਲ ਵੱਡੀ ਪਹਿਲਕਦਮੀ ਕੀਤੀ ਹੈ।
ਇਥੇ ਮੈਗਸੀਪਾ ਵਿਖੇ ਸਿਲਕ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰੇਸ਼ਮ ਉਤਪਾਦਾਂ ਲਈ ਵਿਭਾਗ ਦਾ ਲੋਗੋ ਜਾਰੀ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਹ ਐਲਾਨ ਵੀ ਕੀਤਾ ਹੈ ਕਿ ਸਾਲ 2025 ਦੇ ਅਖੀਰ ਤੱਕ ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਦੁੱਗਣਾ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਦੇ ਨੀਮ-ਪਹਾੜੀ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਰੋਪੜ ਦੇ ਲਗਭਗ 230 ਪਿੰਡਾਂ ਵਿੱਚ ਰੇਸ਼ਮ ਪਾਲਣ ਦਾ ਕਿੱਤਾ ਅਪਣਾਇਆ ਜਾ ਰਿਹਾ ਹੈ ਅਤੇ 1200 ਤੋਂ 1400 ਰੇਸ਼ਮ ਕੀਟ ਪਾਲਕ ਇਸ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਮੁੱਖ ਤੌਰ ‘ਤੇ 2 ਕਿਸਮ ਦਾ ਰੇਸ਼ਮ ਬਾਇਵੋਲਟਾਈਨ ਮਲਬਰੀ ਅਤੇ ਏਰੀ ਰੇਸ਼ਮ ਤਿਆਰ ਕੀਤਾ ਜਾਂਦਾ ਹੈ। ਸਾਲਾਨਾ 1000 ਤੋਂ 1100 ਔਂਸ ਮਲਬਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 30,000 ਤੋਂ 35,000 ਕਿਲੋਗ੍ਰਾਮ ਮਲਬਰੀ ਰੇਸ਼ਮ (ਟੂਟੀ) ਦਾ ਉਤਪਾਦਨ ਅਤੇ ਸਾਲਾਨਾ 200 ਔਂਸ ਏਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 5,000 ਤੋਂ 8,000 ਕਿਲੋਗ੍ਰਾਮ ਏਰੀ ਰੇਸ਼ਮ (ਟੂਟੀ) ਦਾ ਉਤਪਾਦਨ ਕੀਤਾ ਜਾ ਰਿਹਾ ਹੈ।