ਜਰਗੜੀ ਲਾਗੇ ਘੁੰਮਦੇ ਤੇਂਦੂਏ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ

ਪਾਇਲ, Leopard in Punjab: ਨੇੜਲੇ ਪਿੰਡ ਜਰਗੜੀ-ਲਸਾੜਾ ਸਾਈਫਨ ਕੋਲ ਤੇਂਦੂਆ ਘੁੰਮਦਾ ਹੋਣ ਦੀ ਸੋਸ਼ਲ ਮੀਡੀਆ ’ਤੇ ਪਈ ਵੀਡੀਓ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਪਰ ਫਾਰੈਸਟ ਵਿਭਾਗ ਵੱਲੋਂ ਇਸ ਵੀਡੀਓ ’ਚ ਘੁੰਮਦੇ ਤੇਂਦੂਏ ਨੂੰ ਜੰਗਲੀ ਬਿੱਲਾ/ਬਾਘੜ ਬਿੱਲਾ ਦੱਸ ਰਿਹਾ ਹੈ।

ਸਮਾਜਸੇਵੀ ਅਵਤਾਰ ਸਿੰਘ ਜਰਗੜੀ ਤੇ ਨੰਬਰਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਰਗੜੀ ਨਹਿਰੀ ਪੁਲ ਲਾਗੇ ਤੇਂਦੂਏ ਦੇ ਇਧਰ-ਉਧਰ ਜਾਣ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ ਜੋ ਖੇਤਾਂ, ਮੋਟਰਾਂ ’ਤੇ ਜਾਣ ਤੋਂ ਭੈ-ਭੀਤ ਹਨ। ਉਨ੍ਹਾਂ ਦੱਸਿਆ ਕਿ ਤੇਂਦੂਏ ਵੱਲੋਂ ਮੋਰਾਂ, ਸੂਰਾਂ ਤੇ ਹੋਰ ਜਾਨਵਰਾਂ ਨੂੰ ਮਾਰ ਕੇ ਖਾਧਾ ਜਾ ਰਿਹਾ ਹੈ। ਪਸ਼ੂਆਂ ਲਈ ਖੇਤਾਂ ਤੇ ਸਾਈਫਨ ’ਚੋਂ ਪੱਠੇ ਲਿਆਉਣ ਵਾਲੀਆਂ ਔਰਤਾਂ ਵੀ ਤੇਂਦੂਏ ਦੇ ਡਰੋਂ ਬਾਹਰ ਨਹੀਂ ਜਾ ਰਹੀਆਂ।

ਦੂਜੇ ਪਾਸੇ ਫਾਰੈਸਟ ਵਿਭਾਗ ਦੇ ਗਾਰਡ ਗੁਰਿੰਦਰ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਦੇ ਮਾਹਿਰ ਅਧਿਕਾਰੀਆਂ (ਜੋ ਤੇਂਦੂਏ ਨੂੰ ਫੜਦੇ ਨੇ) ਵੱਲੋਂ ਵੀਡੀਓ ਤੇ ਪੈਰਾਂ ਦੇ ਨਿਸ਼ਾਨ ਵੇਖ ਕੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਤੇਂਦੂਆ ਨਹੀਂ, ਸਗੋਂ ਜੰਗਲੀ ਬਿੱਲਾ ਹੈ। ਜਦੋਂ ਗੁਰਿੰਦਰ ਸਿੰਘ ਨੂੰ ਤੇਂਦੂਏ ਵੱਲੋਂ ਮੋਰਾਂ ਤੇ ਸੂਰ ਦਾ ਸ਼ਿਕਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੇਂਦੂਆ ਵੱਛੇ-ਵੱਛੀਆਂ ਜਾਂ ਕੁੱਤੇ ਦਾ ਸ਼ਿਕਾਰ ਕਰੇਗਾ, ਮੋਰਾਂ ਜਾਂ ਸੂਰਾਂ ਦਾ ਨਹੀਂ।

ਅਵਤਾਰ ਸਿੰਘ ਜਰਗੜੀ ਤੇ ਨਰਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਮਹਿਕਮਾ ਜੰਗਲੀ ਬਿੱਲਾ ਕਹਿ ਕੇ ਖਹਿੜਾ ਛੁਡਵਾ ਰਿਹਾ ਹੈ ਪਰ ਜੇ ਇਸ ਕਾਰਨ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਗਿਆ ਤਾਂ ਉਸ ਲਈ ਫਾਰੈਸਟ ਵਿਭਾਗ ਜ਼ਿੰਮੇਵਾਰ ਹੋਵੇਗਾ।

Leave a Reply

Your email address will not be published. Required fields are marked *