ਭਾਜਪਾ ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਢਹਿ-ਢੇਰੀ ਹੋ ਗਿਆ: ਰਾਹੁਲ ਗਾਂਧੀ

ਵਾਸ਼ਿੰਗਟਨ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਸ ਵਾਰ ਭਾਰਤ ਵਿੱਚ ਆਮ ਚੋਣਾਂ ਦੇ ਨਤੀਜਿਆਂ ਨੇ ‘ਮੋਦੀ ਦਾ ਵਿਚਾਰ’ ਢਹਿ ਢੇਰੀ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਵੱਲੋਂ ਪੈਦਾ ਕੀਤਾ ਗਿਆ ‘ਡਰ’ ਗਾਇਬ ਹੋ ਗਿਆ ਅਤੇ ‘ਇਤਿਹਾਸ’ ਬਣ ਗਿਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਅਜੇ ਅਮਰੀਕਾ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਸੋਮਵਾਰ ਨੂੰ ਇੱਥੇ ਵੱਕਾਰੀ ਜੌਰਜਟਾਊਨ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਦੇ ਇਕ ਉਪ ਨਗਰ ਹਰਨਡਾਨ ਵਿੱਚ ਇਕ ਹੋਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੜਨ ਲਈ ਸਾਰਿਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਨਹੀਂ ਸਨ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਢਹਿ-ਢੇਰੀ ਹੋ ਗਿਆ, ‘‘ਇਕਦਮ ਵਿੱਚੋਂ’’ ਟੁੱਟ ਗਿਆ। ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਚੀਜ਼ਾਂ ਬਦਲੀਆਂ ਹਨ। ਉਨ੍ਹਾਂ ਕਿਹਾ, ‘‘ਮੋਦੀ ਜੀ ਵੱਲੋਂ ਪੈਦਾ ਕੀਤਾ ਗਿਆ ਡਰ ਇਕ ਸਕਿੰਟ ’ਚ ਗਾਇਬ ਹੋ ਗਿਆ। ਉਸ ਡਰ ਨੂੰ ਪੈਦਾ ਕਰਨ ਵਿੱਚ ਕਈ ਸਾਲ ਲੱਗ ਗਏ, ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਗਈਆਂ ਅਤੇ ਕਾਫੀ ਪੈਸਾ ਲਗਾਇਆ ਗਿਆ ਪਰ ਇਸ ਨੂੰ ਖ਼ਤਮ ਹੋਣ ਵਿੱਚ ਸਿਰਫ਼ ਇਕ ਸਕਿੰਟ ਲੱਗਾ।’’ ਰਾਹੁਲ ਨੇ ਕਿਹਾ, ‘‘ਮੈਂ ਤੁਹਾਨੂੰ ਦੱਸ ਦੇਵਾਂ ਕਿ ਮੋਦੀ ਦਾ ਵਿਚਾਰ 56 ਇੰਚ ਦੀ ਛਾਤੀ, ਰੱਬ ਨਾਲ ਸਿੱਧਾ ਜੋੜ- ਸਭ ਗਾਇਬ ਹੋ ਗਿਆ, ਹੁਣ ਇਹ ਇਤਿਹਾਸ ਹੈ।’’

Leave a Reply

Your email address will not be published. Required fields are marked *