ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿੱਲ ਨੂੰ SEBI ਦਾ ਨੋਟਿਸ, ਛੇ ਫਰਮਾਂ ਸਮੇਤ 15 ‘ਤੇ ਲਗਾਇਆ 63 ਕਰੋੜ ਰੁਪਏ ਦਾ ਜੁਰਮਾਨਾ

ਕਪੂਰਥਲਾ : ਕਾਂਗਰਸ ਪਾਰਟੀ(Congress) ਦੇ ਸੀਨੀਅਰ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ(Rana gurjit) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਨੇ ਨੋਟਿਸ(Notice) ਜਾਰੀ ਕਰਕੇ ਵੱਡਾ ਝਟਕਾ ਦਿੱਤਾ ਹੈ। ਇਸ ਕਾਰਨ ਉਨ੍ਹਾਂ ਦੀ ਰਾਣਾ ਸ਼ੂਗਰ ਲਿਮਟਿਡ (ਆਰਐੱਸਐੱਲ)(RSL) ਦੀਆਂ ਮੁਸ਼ਕਲਾਂ ਕਾਫੀ ਵਧ ਗਈਆਂ ਹਨ।

ਸੇਬੀ ਨੇ ਆਰਐੱਸਐੱਲ ਦੇ ਨਿਰਦੇਸ਼ਕ ਮੰਡਲ ਸਮੇਤ ਪੰਜ ਫਰਮਾਂ ‘ਤੇ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਆਰਐੱਸਐੱਲ, ਚੇਅਰਮੈਨ, ਐੱਮਡੀ, ਡਾਇਰੈਕਟਰ ਅਤੇ ਪ੍ਰਮੋਟਰ, ਰਾਣਾ ਪਰਿਵਾਰ ਦੇ ਮੈਂਬਰਾਂ ਸਮੇਤ ਛੇ ਫਰਮਾਂ ਸਮੇਤ 15 ‘ਤੇ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। SEBI ਦੇ ਚੀਫ ਜਨਰਲ ਮੈਨੇਜਰ ਵੱਲੋਂ ਜਾਰੀ ਅੰਤਮ ਹੁਕਮ ਵਿੱਚ ਉਕਤ ਰਕਮ ਦਾ ਭੁਗਤਾਨ 45 ਦਿਨਾਂ ਦੇ ਅੰਦਰ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਰਐੱਸਐੱਲ ਨੂੰ 60 ਦਿਨਾਂ ਦੇ ਅੰਦਰ ਪੰਜ ਫਰਮਾਂ ਤੋਂ 15 ਕਰੋੜ ਰੁਪਏ ਦੇ ਜੁਰਮਾਨੇ ਦੀ ਰਕਮ ਵਸੂਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਸੇਬੀ ਦੇ ਚੀਫ ਜਨਰਲ ਮੈਨੇਜਰ ਜੀ ਰਾਮਰ ਨੇ 27 ਅਗਸਤ ਨੂੰ ਅੰਤਿਮ ਹੁਕਮ ਜਾਰੀ ਕੀਤਾ ਸੀ। ਇਸ ਵਿਚ ਆਰਐੱਸਐੱਲ ਦੇ ਪ੍ਰਮੋਟਰਾਂ ਅਤੇ ਪ੍ਰਮੋਟਰ ਸਬੰਧਤ ਸੰਸਥਾਵਾਂ ਵੱਲੋਂ ਆਰਐੱਸਐੱਲ ਤੋਂ ਫੰਡਾਂ ਨੂੰ ਡਾਇਵਰਸ਼ਨ, ਆਰਐੱਸਐੱਲ ਦੀਆਂ ਵਿੱਤੀ ਸਟੇਟਮੈਂਟਾਂ ਵਿੱਚ ਗਲਤ ਬਿਆਨਬਾਜ਼ੀ ਆਦਿ ਪਾਈ ਗਈ ਜਿਸ ਕਾਰਨ ਸੇਬੀ ਐਕਟ-1992, ਸੇਬੀ ਦੇ ਪੀਐੱਫਯੂਟੀਪੀ ਰੈਗੂਲੇਸ਼ਨ-2003 ਅਤੇ ਐੱਲਓਡੀਆਰ ਰੈਗੂਲੇਸ਼ਨ-2015 ਵਿੱਚ ਉਲੰਘਣਾ ਦੱਸਿਆ ਗਿਆ ਹੈ।

ਇਸ ਦੀ ਜਾਂਚ ਸਮਾਂ-ਹੱਦ ਵਿੱਤੀ ਸਾਲ 2014-15 ਤੋਂ ਵਿੱਤੀ ਸਾਲ 2021-22 ਤੱਕ ਮੰਨੀ ਗਈ ਹੈ। ਸੇਬੀ ਦੀ ਜਾਂਚ ’ਚ ਹੋਰਨਾਂ ਗੱਲਾਂ ਦੇ ਨਾਲ-ਨਾਲ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਆਪਣੇ ਪ੍ਰਬੰਧ ਨਿਰਦੇਸ਼ਕ, ਪ੍ਰਧਾਨ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਸਮੇਤ ਪ੍ਰਮੋਟਰ ਨਿਰਦੇਸ਼ਕਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਪ੍ਰਤੱਖ ਰੂਪ ’ਚ ਕੰਟਰੋਲਡ ਕਝ ਨਿੱਜੀ ਸੀਮਤ ਕੰਪਨੀਆਂ ਦੀ ਵਰਤੋਂ ਕਰਕੇ ਕੰਪਨੀ ਦੇ ਧਨ ਨੂੰ ਡਾਇਵਰਟ ਕਰਨ ਦੀ ਯੋਜਨਾ ਤਿਆਰ ਕੀਤੀ ਸੀ।

ਇਨ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਸਬੰਧਤ ਧਿਰਾਂ ਵਜੋਂ ਨਹੀਂ ਦਿਖਾਇਆ ਗਿਆ ਸੀ ਭਾਵੇਂ ਕਿ ਉਹ ਇਸ ਦੇ ਪ੍ਰਬੰਧਕ ਨਿਰਦੇਸ਼ਕ ਸਮੇਤ RSL ਦੇ ਪ੍ਰਮੋਟਰਾਂ ਵੱਲੋਂ ਅਸਿੱਧੇ ਤੌਰ ‘ਤੇ ਕੰਟਰੋਲਡ ਸਨ ਅਤੇ ਨਤੀਜੇ ਵਜੋਂ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਲੈਣ-ਦੇਣ ਨੂੰ ਵੀ ਸਬੰਧਤ ਧਿਰ ਦੇ ਰੂਪ ਵਿੱਚ ਨਹੀਂ ਦਿਖਾਇਆ ਗਿਆ। ਇਸ ‘ਤੇ ਸੇਬੀ ਨੇ ਆਰਐੱਸਐੱਲ ਦੇ ਐੱਮਡੀ-ਕਮ-ਪ੍ਰਮੋਟਰ ਇੰਦਰਪ੍ਰਤਾਪ ਸਿੰਘ ਰਾਣਾ, ਚੇਅਰਮੈਨ-ਕਮ-ਪ੍ਰਮੋਟਰ ਰਣਜੀਤ ਸਿੰਘ ਰਾਣਾ, ਡਾਇਰੈਕਟਰ-ਕਮ-ਪ੍ਰਮੋਟਰ ਵੀਰਪ੍ਰਤਾਪ ਸਿੰਘ ਰਾਣਾ, ਗੁਰਜੀਤ ਸਿੰਘ ਰਾਣਾ, ਕਰਣ ਪ੍ਰਤਾਪ ਸਿੰਘ ਰਾਣਾ, ਰਾਜਬੰਸ ਕੌਰ ਰਾਣਾ, ਪ੍ਰੀਤਇੰਦਰ ਸਿੰਘ ਰਾਣਾ , ਸੁਖਜਿੰਦਰ ਕੌਰ (ਰਾਣਾ ਪਰਿਵਾਰਕ ਮੈਂਬਰ), ਮਨੋਜ ਗੁਪਤਾ ਅਤੇ ਪੰਜ ਫਰਮਾਂ ਫਲਾਲੈੱਸ ਟਰੇਡਰਜ਼ ਪ੍ਰਾਈਵੇਟ ਲਿਮਟਿਡ, ਸੈਂਚੁਰੀ ਐਗਰੋ ਪ੍ਰਾਈਵੇਟ ਲਿਮਟਿਡ, ਜੇਆਰ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ, ਆਰਜੀਐਸ ਟਰੇਡਰਜ਼ ਪ੍ਰਾਈਵੇਟ ਲਿਮਟਿਡ ਦੀ ਸਟਾਕ ਮਾਰਕੀਟ(Stock Market) ’ਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਸਾਰਿਆਂ ਨੂੰ ਇਸ ਆਦੇਸ਼ ਨੂੰ ਲਾਗੂ ਹੋਣ ਦੀ ਤਰੀਕ ਤੋਂ ਦੋ ਸਾਲ ਦੀ ਸਮਾਂ-ਹੱਦ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਸਕਿਓਰਟੀਜ਼ ਮਾਰਕੀਟ ਤੋਂ ਖਰੀਦ, ਵਿਕਰੀ ਜਾਂ ਹੋਰ ਲੈਣ-ਦੇਣ ਕਰਨ ਜਾਂ ਕਿਸੇ ਵੀ ਤਰ੍ਹਾਂ ਨਾਲ ਬਾਜ਼ਾਰ ਨਾਲ ਜੁੜੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੇਬੀ ਮੁਖੀ ਵੱਲੋਂ ਜਾਰੀ ਹੁਕਮਾਂ ਵਿੱਚ ਆਰਐੱਸਐੱਲ ਦੇ ਐਮਡੀ-ਕਮ-ਪ੍ਰਮੋਟਰ ਇੰਦਰਪ੍ਰਤਾਪ ਸਿੰਘ ਰਾਣਾ, ਚੇਅਰਮੈਨ-ਕਮ-ਪ੍ਰਮੋਟਰ ਰਣਜੀਤ ਸਿੰਘ ਰਾਣਾ, ਡਾਇਰੈਕਟਰ-ਕਮ-ਪ੍ਰਮੋਟਰ ਵੀਰਪ੍ਰਤਾਪ ਸਿੰਘ ਰਾਣਾ, ਗੁਰਜੀਤ ਸਿੰਘ ਰਾਣਾ, ਕਰਣ ਪ੍ਰਤਾਪ ਸਿੰਘ ਰਾਣਾ, ਰਾਜਬੰਸ ਕੌਰ ਰਾਣਾ, ਪ੍ਰੀਤਇੰਦਰ ਸਿੰਘ ਰਾਣਾ, ਸੁਖਜਿੰਦਰ ਕੌਰ ‘ਤੇ ਵੀ ਦੋ ਸਾਲ ਲਈ ਕਿਸੇ ਹੋਰ ਸੂਚੀਬੱਧ ਕੰਪਨੀ ਦੇ ਡਾਇਰੈਕਟਰ ਜਾਂ ਮੁੱਖ ਪ੍ਰਬੰਧਕੀ ਵਿਅਕਤੀ ਵਜੋਂ ਕੋਈ ਵੀ ਅਹੁਦਾ ਸੰਭਾਲਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੇਬੀ ਨੇ ਇਸ ਨੋਟਿਸ ਦੀ ਪ੍ਰਾਪਤੀ ਤੋਂ 45 ਦਿਨਾਂ ਦੇ ਅੰਦਰ ਆਰਐੱਸਐੱਲ ਅਤੇ ਰਾਣਾ ਪਰਿਵਾਰ ਦੇ ਅੱਠ ਮੈਂਬਰਾਂ ਅਤੇ ਇੱਕ ਹੋਰ ਵਿਅਕਤੀ ਸਮੇਤ ਛੇ ਫਰਮਾਂ ‘ਤੇ ਲਗਾਏ ਗਏ 63 ਕਰੋੜ ਰੁਪਏ ਦੇ ਜੁਰਮਾਨੇ ਦਾ ਆਨਲਾਈਨ ਭੁਗਤਾਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Leave a Reply

Your email address will not be published. Required fields are marked *