ਗੁਰਦਾਸਪੁਰ – ਗੁਰਦਾਸਪੁਰ ‘ਚ ਕਾਂਗਰਸੀ ਆਗੂ ਦੇ ਘਰ ‘ਤੇ ਫਾਇਰਿੰਗ ਹੋਈ ਹੈ। ਇਹ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਇਸ ਹਮਲੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਨੂੰ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਨਕੁਲ ਮਹਾਜਨ ਦੇ ਘਰ ‘ਤੇ ਫਾਇਰਿੰਗ ਹੋਈ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ ਹਨ। ਨਕੁਲ ਮਹਾਜਨ ਕਾਂਗਰਸੀ ਕੌਂਸਲਰ ਸੁਨੀਤਾ ਰਾਣੀ ਦੇ ਪੁੱਤਰ ਹਨ ਤੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਦੇ ਕਰੀਬੀ ਮੰਨੇ ਜਾਂਦੇ ਹਨ। ਘਰ ਦੇ ਗੇਟ ਅਤੇ ਛੱਤ ਵਿਚ ਗੋਲ਼ੀਆਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ ਤੇ ਮੌਕੇ ਤੋਂ ਗੋਲ਼ੀਆਂ ਦੇ ਖੋਲ ਵੀ ਬਰਾਮਦ ਹੋਏ ਹਨ।ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਮੌਕੇ ‘ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਨੂੰ ਵਿਦੇਸ਼ੀ ਨੰਬਰ ਤੋਂ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਆ ਚੁੱਕੀ ਹੈ। ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਘਰ ਉਪਰ ਗੋਲੀ ਚਲਾਉਣ ਵਾਲਾ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਇਆ ਹੈ ।