ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਕਤਰ ਵਿਚ ਪੁਲਿਸ ਹਿਰਾਸਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੁਰੰਤ ਛੱਡਣ ਦਾ ਮੁੱਦਾ ਚੁੱਕਣ।
ਕੇਂਦਰੀ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਜਿਸ ਤਰੀਕੇ ਤਕਰੀਬਨ 8 ਮਹੀਨੇ ਪਹਿਲਾਂ ਇਹ ਦੋ ਪਾਵਨ ਸਰੂਪ ਪੁਲਿਸ ਨੇ ਜ਼ਬਤ ਕੀਤੇ, ਉਸ ਤੋਂ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ। ਉਹਨਾਂ ਕਿਹਾ ਕਿ ਤਕਰੀਬਨ ਪਿਛਲੇ 35 ਸਾਲਾਂ ਤੋਂ ਦੋਹਾ ਵਿਚ ਦੋ ਵੱਖ-ਵੱਖ ਥਾਵਾਂ ’ਤੇ ਪਵਿੱਤਰ ਸਰੂਪ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਵਿੱਤਰ ਸਰੂਪਾਂ ਨੂੰ ’ਕੇਸ ਪ੍ਰਾਪਰਟੀ’ ਬਣਾਇਆ ਹੋਇਆ ਹੈ ਜਿਸ ਨਾਲ ਦੋਹਾ ਵਿਚ ਸਿੱਖ ਸੰਗਤ ਦੇ ਹਿਰਦੇ ਵਲੂੰਧਰੇਗਏ ਹਨ ਤੇ ਉਹ ਪੁਲਿਸ ਹਿਰਾਸਤ ਵਿਚੋਂ ਸਰੂਪ ਛੁਡਵਾਉਣ ਲਈ ਯਤਨਸ਼ੀਲ ਹੈ ਪਰ ਉਸਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਉਹਨਾਂ ਕਿਹਾ ਕਿ ਇਸ ਨਾਲ ਕਤਰ ਤੇ ਹੋਰ ਥਾਵਾਂ ਵਿਚਲੀ ਸਿੱਖ ਸੰਗਤ ਬਹੁਤ ਪ੍ਰੇਸ਼ਾਨ ਹੈ।
ਬਾਦਲ ਨੇ ਕੇਂਦਰੀ ਨੂੰ ਅਪੀਲ ਕੀਤੀ ਕਿ ਉਹ ਇਹ ਗਤੀਰੋਧ ਖ਼ਤਮ ਕਰਵਾਉਣ ਲਈ ਮਾਮਲੇ ਵਿਚ ਤੁਰੰਤ ਦਖਲ ਦੇਣ ਅਤੇ ਕਿਹਾ ਕਿ ਉਹ ਕਤਰ ਵਿਚ ਗੁਰਦੁਆਰ ਸਾਹਿਬਾਨ ਦੀ ਸਥਾਪਤੀ ਦਾ ਮੁੱਦਾ ਚੁੱਕਣ ਤਾਂ ਜੋ ਸਿੱਖ ਆਪਣੇ ਧਰਮ ਦੀ ਪਾਲਣਾ ਆਜ਼ਾਦੀ ਨਾਲ ਕਰ ਸਕਣ। ਉਹਨਾਂ ਕਿਹਾ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬਾਨ ਵਿਚ ਉਸੇ ਤਰੀਕੇ ਉਸਤਤ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜਿਵੇਂ ਕਿ ਇਸਾਈਆਂ ਨੂੰ ਹਾਸਲ ਹੈ। ਉਹਨਾਂ ਕਿਹਾ ਕਿ ਗੁਆਂਢੀ ਦੁਬਈ ਸਮੇਤ ਕੁਝ ਇਸਲਾਮਿਕ ਮੁਲਕਾਂ ਵਿਚ ਗੁਰਦੁਆਰਾ ਸਾਹਿਬਾਨ ਦੀ ਸਥਾਪਤੀ ਦੀ ਖੁੱਲ੍ਹ ਹੈ, ਇਸ ਲਈ ਕਤਰ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਇਸੇ ਤਰੀਕੇ ਕਤਰ ਵਿਚ ਵੀ ਸਿੱਖ ਕੌਮ ਨੂੰ ਗੁਰਦੁਆਰਾ ਸਾਹਿਬਾਨ ਦੀ ਸਥਾਪਤੀ ਦੀ ਆਗਿਆ ਦੇਵੇ।
ਐੱਮਪੀ ਬਾਦਲ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਤਰ ਵਿਚ ਭਾਰਤੀ ਸਫਾਰਤਖਾਨੇ ਨੂੰ ਹੁਕਮ ਦੇਣ ਕਿ ਇਹ ਮਾਮਲਾ ਤੁਰੰਤ ਕਤਰ ਸਰਕਾਰ ਕੋਲ ਚੁੱਕਿਆ ਜਾਵੇ ਤਾਂ ਜੋ ਦੋ ਪਾਵਨ ਸਰੂਪ ਨੂੰ ਤੁਰੰਤ ਛੁਡਵਾਉਣ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਸਫਾਰਤਖਾਨੇ ਨੂੰ ਇਹ ਵੀ ਆਖਿਆ ਕਿ ਉਹ ਸਿੱਖਾਂ ਨੂੰ ਭਰੋਸਾ ਦੁਆਵੇ ਕਿ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਆਪਣੇ ਧਰਮ ਦੀ ਪਾਲਣਾ ਦੀ ਖੁੱਲ੍ਹ ਲੈ ਕੇ ਦਿੱਤੀ ਜਾਵੇਗੀ।