ਭਵਾਨੀਗੜ੍ਹ : ਬੁੱਧਵਾਰ ਤੜਕੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਗੁਜਰਾਤ ਤੋਂ ਕੱਚਾ ਕੋਲਾ ਲੈ ਕੇ ਆ ਰਿਹਾ ਟਰੱਕ ਟਰਾਲਾ ਬੇਕਾਬੂ ਹੁੰਦਾ ਹੋਇਆ ਹਾਈਵੇਅ ਉੱਪਰ ਲੱਗੇ ਇੱਕ ਬਿਜਲੀ ਦੇ ਟਰਾਂਸਫਾਰਮਰ ’ਤੇ ਪਲਟ ਗਿਆ। ਟਰਾਂਸਫਾਰਮਰ ਨਾਲ ਟਕਰਾਉਣ ਮਗਰੋੰ ਤੁਰੰਤ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ ਟਰੱਕ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਸੂਚਨਾ ਮਿਲਣ ‘ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਰਾਤ ਕਰੀਬ 2:20 ਵਜੇ ਕੰਡਲਾ ਪੋਰਟ (ਗੁਜਰਾਤ) ਤੋਂ ਮੰਡੀ ਗੋਬਿੰਦਗੜ੍ਹ ਲਈ ਕੱਚਾ ਕੋਲਾ ਲੈ ਕੇ ਆ ਰਿਹਾ ਟਰੱਕ ਟਰਾਲਾ ਜਦੋੰ ਭਵਾਨੀਗੜ੍ਹ ਤੋਂ ਲੰਘ ਰਿਹਾ ਸੀ ਤਾਂ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਨੀਲਕੰਠ ਸਿਟੀ ਗੇਟ ਦੇ ਬਿਲਕੁੱਲ ਸਾਹਮਣੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਿਆ। ਟਰਾਂਸਫਾਰਮਰ ਨਾਲ ਟਕਰਾਉਣ ਤੋਂ ਤੁਰੰਤ ਬਾਅਦ ਟਰੱਕ ਨੂੰ ਅੱਗ ਲੱਗ ਗਈ ਤੇ ਟਰੱਕ ਧੂ-ਧੂ ਕੇ ਸੜਨ ਲੱਗਾ। ਇਸ ਦੌਰਾਨ ਟਰੱਕ ਦੇ ਡਰਾਈਵਰ ਲਿਖਮਾ ਰਾਮ ਵਾਸੀ ਬੀਕਾਨੇਰ (ਰਾਜਸਥਾਨ) ਨੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਟਰੱਕ ਟਰਾਲੇ ਦੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨਾਲ ਟਰਕਾਉਣ ਕਾਰਨ ਇਥੇ ਜ਼ੋਰਦਾਰ ਧਮਾਕਾ ਹੋਇਆ ਅਤੇ ਕਲੋਨੀ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆਏ ਕਲੋਨੀ ਨਿਵਾਸੀਆਂ ਨੇ ਕਾਫ਼ੀ ਜਦੋ-ਜਹਿਦ ਕਰਕੇ ਇਸ ਅੱਗ ਉਪਰ ਖੁਦ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਸਬੰਧੀ ਪੁਲਸ ‘ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉਪਰ ਕਾਬੂ ਪਾਇਆ। ਇਸ ਹਾਦਸੇ ’ਚ ਅੱਗ ਲੱਗਣ ਕਾਰਨ ਟਰੱਕ ਟਰਾਲੇ ਦਾ ਕੈਬਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਜਦਕਿ ਇਸ ’ਚ ਭਰੇ ਕੋਲੇ ਨੂੰ ਬਚਾਅ ਲਿਆ ਗਿਆ।