ਸਮੋਆ ਦੇ ਬੱਲੇਬਾਜ਼ ਨੇ ਡੇਰਿਅਸ ਨੇ ਇਕ ਓਵਰ ’ਚ 39 ਦੌੜਾਂ ਬਣਾ ਕੇ ਯੁਵਰਾਜ ਦਾ 17 ਸਾਲ ਪੁਰਾਣਾ ਰਿਕਾਰਡ ਤੋੜਿਆ

ਨਵੀਂ ਦਿੱਲੀ,ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰਿਅਸ ਵਿਸਰ ਨੇ ਅੱਜ ਰਾਜਧਾਨੀ ਅਪੀਆ ਵਿੱਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਜ਼ੋਨ ਕੁਆਲੀਫਾਇਰ ਵਿੱਚ ਵੈਨੂਆਟੂ ਖ਼ਿਲਾਫ਼ ਇੱਕ ਓਵਰ ਵਿੱਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਾਇਆ। ਇਸ ਨਾਲ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ 17 ਸਾਲ ਪਹਿਲਾਂ ਬਣਾਇਆ ਰਿਕਾਰਡ ਟੁੱਟ ਗਿਆ। ਵਿਸਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਇਸ ਓਵਰ ਵਿੱਚ ਤਿੰਨ ਨੋ ਬਾਲ ਵੀ ਸ਼ਾਮਲ ਸਨ, ਜਿਸ ਨਾਲ ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ। ਇਸ 28 ਸਾਲਾ ਬੱਲੇਬਾਜ਼ ਦਾ ਇਹ ਸਿਰਫ਼ ਤੀਜਾ ਟੀ-20 ਮੈਚ ਸੀ। ਉਸ ਨੇ 62 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ। ਟੀ-20 ਆਈ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਪਿਛਲਾ ਰਿਕਾਰਡ 36 ਦਾ ਸੀ, ਜਿਸ ਵਿੱਚ ਭਾਰਤ ਦੇ ਯੁਵਰਾਜ ਸਿੰਘ, ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਅਤੇ ਨੇਪਾਲ ਦੇ ਆਲਰਾਊਂਡਰ ਦੀਪੇਂਦਰ ਸਿੰਘ ਐਰੀ ਨੇ ਇੱਕ ਓਵਰ ਵਿੱਚ ਛੇ ਛੱਕੇ ਜੜੇ ਸਨ। ਯੁਵਰਾਜ ਨੇ 2007 ਦੇ ਟੀ-20 ਵਿਸ਼ਵ ਕੱਪ ਮੈਚ ਵਿੱਚ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ ਵਿੱਚ ਛੇ ਛੱਕੇ ਜੜੇ, ਪੋਲਾਰਡ ਨੇ 2021 ਵਿੱਚ ਸ੍ਰੀਲੰਕਾ ਦੇ ਅਕੀਲਾ ਦਾਨੰਜਯਾ ਦੀਆਂ ਗੇਂਦਾਂ ਕੁੱਟੀਆਂ। ਐਰੀ ਅਪਰੈਲ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਬੱਲੇਬਾਜ਼ ਬਣ ਗਿਆ।

Leave a Reply

Your email address will not be published. Required fields are marked *