ਡਾਕਟਰ ਦੀ ਹੱਤਿਆ ਦਾ ਮਾਮਲਾ: ਜੂਨੀਅਰ ਡਾਕਟਰਾਂ ਵੱਲੋਂ ਭਲਕ ਤਕ ਜਾਂਚ ਮੁਕੰਮਲ ਕਰਨ ਦਾ ਅਲਟੀਮੇਟਮ

ਕੋਲਕਾਤਾ, ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਨੇ ਕੋਲਕਾਤਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ’ਚ ਮੰਗਲਵਾਰ ਨੂੰ ਵੀ ਹੜਤਾਲ ਜਾਰੀ ਰੱਖੀ ਅਤੇ ਉਸ ਲਈ ਇਨਸਾਫ ਦੀ ਮੰਗ ਕੀਤੀ। ਡਾਕਟਰਾਂ ਦੀ ਹੜਤਾਲ ਨੇ ਸੂਬੇ ’ਚ ਸਿਹਤ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮੰਗਲਵਾਰ ਸਵੇਰ ਤੋਂ ਹੀ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਓਪੀਡੀਜ਼ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਅੰਦੋਲਨਕਾਰੀ ਜੂਨੀਅਰ ਡਾਕਟਰ ਹਸਪਤਾਲ ’ਚੋਂ ਸੀਨੀਅਰ ਅਧਿਕਾਰੀਆਂ ਨੂੰ ਹਟਾਉਣ ਲਈ ਦਬਾਅ ਪਾ ਰਹੇ ਸਨ। ਡਾਕਟਰਾਂ ਨੇ ਮੰਗਲਵਾਰ ਨੂੰ ਕੋਲਕਾਤਾ ਪੁਲੀਸ ਨੂੰ ਆਪਣੀ ਜਾਂਚ ਮੁਕੰਮਲ ਕਰਨ ਲਈ 14 ਅਗਸਤ ਤਕ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਨੇ ਕਿਹਾ, ‘‘ਅਸੀਂ ਇਸ ਘਟਨਾ ਦੀ ਨਿਆਂਇਕ ਜਾਂਚ ਚਾਹੁੰਦੇ ਹਾਂ।’’ ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਮੁਕੰਮਲ ਕਰਨ ਲਈ ਐਤਵਾਰ ਤੱਕ ਦਾ ਸਮਾਂ ਕਿਉਂ ਚਾਹੀਦਾ ਹੈ? ਜਦੋਂ ਕਿ ਅਸੀਂ ਪੁਲੀਸ ਨੂੰ ਬੁੱਧਵਾਰ ਤੱਕ ਆਪਣੀ ਜਾਂਚ ਪੂਰੀ ਕਰਨ ਲਈ ਕਹਿ ਰਹੇ ਹਾਂ।’’ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਮ੍ਰਿਤਕ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੋਲਕਾਤਾ ਪੁਲੀਸ ਨੂੰ ਕੇਸ ਨੂੰ ਸੁਲਝਾਉਣ ਲਈ 18 ਅਗਸਤ ਦਾ ਸਮਾਂ ਦਿੱਤਾ ਸੀ ਜਿਸ ਵਿੱਚ ਅਸਫਲ ਰਹਿਣ ਮਗਰੋਂ ਉਨ੍ਹਾਂ ਮਾਮਲਾ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਗੱਲ ਕਹੀ ਸੀ।

Leave a Reply

Your email address will not be published. Required fields are marked *