ਮੁਹਾਲੀ : ਪਿਛਲੇ ਹਫ਼ਤੇ ਪਿੰਡ ਮੂਧੋ ਸੰਗਤੀਆਂ ਵਿੱਚ ਕੁਝ ਸਥਾਨਕ ਲੋਕਾਂ ਨੇ ਪਿੰਡ ਵਿੱਚ ਦੂਜੇ ਰਾਜਾਂ ਦੇ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਗੱਲ ਆਖੀ ਸੀ। ਹੁਣ ਖਰੜ ਦੇ ਪਿੰਡ ਜੰਡਪੁਰ (Jandpur village) ਦੇ ਸਥਾਨਕ ਲੋਕਾਂ ਨੇ ਇੱਕ ਹੁਕਮ ਜਾਰੀ ਕੀਤਾ ਹੈ। ਪਿੰਡ ਦੀ ਨੌਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਕਈ ਥਾਵਾਂ ‘ਤੇ ਬੋਰਡ ਲਗਾਏ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਨੂੰ ਪਿੰਡ ‘ਚ ਰਹਿਣ ਲਈ 11 ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਇਹ 11 ਨਿਯਮ ਬੋਰਡ ‘ਤੇ ਵੀ ਦਰਸਾਏ ਗਏ ਹਨ। ਅਜਿਹੇ ਮਾਮਲਿਆਂ ਵਿੱਚ ਦੂਜੇ ਸੂਬਿਆਂ ਦੇ ਲੋਕ ਸ਼ਾਮਲ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 4 ਦੇ ਕੌਂਸਲਰ ਅਤੇ ਪਿੰਡ ਜੰਡਪੁਰ ਦੇ ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਇਹ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਿਆ ਗਿਆ ਹੈ।