ਨਵੀਂ ਦਿੱਲੀ, ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਕ ਦਿਨ ਬਾਅਦ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਆਪਣੀ ਪਤਨੀ ਨਾਲ ਸਵੇਰ ਦੀ ਚਾਹ ਪੀਣ ਦੀ ਤਸਵੀਰ ਸਾਂਝੀ ਕੀਤੀ ਅਤੇ “17 ਮਹੀਨਿਆਂ ਬਾਅਦ ਆਜ਼ਾਦ ਸਵੇਰ ਦੀ ਪਹਿਲੀ ਚਾਹ” ਕੈਪਸ਼ਨ ਦਿੱਤਾ।ਸੁਪਰੀਮ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ‘ਐਕਸ’ ‘ਤੇ ਇਹ ਉਹਨਾਂ ਦੀ ਇਹ ਪਹਿਲੀ ਪੋਸਟ ਹੈ।
ਇਸ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਨਿੱਚਰਵਾਰ ਨੂੰ ਕਨਾਟ ਪਲੇਸ ਦੇ ਹਨੂੰਮਾਨ ਮੰਦਰ ‘ਚ ਪੂਜਾ ਕਰਨ ਲਈ ਪੁੱਜੇ। ਇਸ ਮੌਕੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਪਾਰਟੀ ਦੇ ਸੈਂਕੜੇ ਵਰਕਰ ਉਨ੍ਹਾਂ ਦਾ ਸਵਾਗਤ ਕਰਨ ਲਈ ਮੰਦਰ ਵਿਚ ਇਕੱਠੇ ਹੋਏ ਸਨ, ਜਿਨ੍ਹਾਂ ਨੇ ਸਿਸੋਦੀਆ ਦੇ ਉਥੇ ਪਹੁੰਚਣ ‘ਤੇ “ਜੈ ਸ਼੍ਰੀ ਰਾਮ” ਅਤੇ “ਜੈ ਹਨੂੰਮਾਨ” ਦੇ ਨਾਅਰੇ ਲਾਏ।ਇਸ ਮੌਕੇ ਸਿਸੋਦੀਆ ਨੇ ਕਿਹਾ ਕਿ ਭਗਵਾਨ ਹਨੂੰਮਾਨ ਦਿੱਲੀ ਦੇ ਸਾਰੇ ਲੋਕਾਂ ਦਾ ਭਲਾ ਕਰਨ। ਇਸ ਉਪਰੰਤ ਸਿਸੋਦੀਆ ਨੇ ਰਾਜਘਾਟ ’ਤੇ ਪੁੱਜ ਕੇ ਮਹਾਤਮਾ ਗਾਂਧੀ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ।