ਸੰਗਰੂਰ : ਸਿੱਖਿਆ, ਸਿਹਤ ਅਤੇ ਬਿਜਲੀ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਵੇਰਕਾ ਮਿਲਕ ਪਲਾਂਟ ਤੋਂ ਮਾਰਚ ਕਰ ਕੇ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਨਾਲ ਧੱਕਾਮੁੱਕੀ ਹੋ ਗਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਕੁਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਮਹਿਲਾ ਬੇਰੁਜ਼ਗਾਰਾਂ ਨਾਲ ਬਦਸਲੂਕੀ ਕੀਤੀ ਗਈ। ਧੱਕਾਮੁੱਕੀ ਦੌਰਾਨ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਪਾਟ ਸੁੱਟੇ।
ਬੇਰੁਜ਼ਗਾਰਾਂ ਦੀ ਮੰਗ ਸੀ ਕਿ 7 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਮਿਲਣੀ ਦੌਰਾਨ ਭਰੋਸਾ ਦਿੱਤਾ ਸੀ ਕਿ 15 ਜੁਲਾਈ ਮਗਰੋਂ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ ਜਾਵੇਗੀ ਪਰ ਕਰੀਬ ਦੋ ਹਫ਼ਤੇ ਬੀਤਣ ਉਪਰੰਤ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਬੇਰੁਜ਼ਗਾਰ ਮੁੱਖ ਮੰਤਰੀ ਦੀ ਪੈਨਲ ਮੀਟਿੰਗ ਲਈ ਅੜੇ ਹੋਏ ਸਨ ਅਤੇ ਇਸੇ ਮੰਗ ਨੂੰ ਲੈ ਕੇ ਤਿੰਨ ਵਾਰ ਪੁਲਿਸ ਨਾਲ ਝੜਪ ਹੋਈ। ਕਰੀਬ ਅੱਧੀ ਦਰਜਨ ਬੇਰੁਜ਼ਗਾਰ ਝਕਾਨੀ ਦੇ ਕੇ ਦੂਸਰੇ ਰਸਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਗਏ ਜਿਨ੍ਹਾਂ ਵਿੱਚ ਚਿਮਨ ਲਾਲ, ਕੁਲਦੀਪ ਸਿੰਘ ਸਮੇਤ ਬੇਰੁਜ਼ਗਾਰ ਹਾਜ਼ਰ ਸਨ, ਉਨ੍ਹਾਂ ਦੀ ਖਿੱਚ ਧੂਹ ਕਰ ਕੇ ਮੁੜ ਵਾਪਸ ਲਿਆਂਦਾ ਗਿਆ।