ਪੈਰਿਸ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਇਕ ਵਾਰ ਫਿਰ ਪੰਜਾਬੀ ਖਿਡਾਰੀ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡ ਰਹੀ ਹੈ। ਓਲੰਪਿਕਸ ਖੇਡਾਂ ਵਿੱਚ ਸਭ ਤੋਂ ਵੱਧ, 10 ਵਾਰ ਪੰਜਾਬੀ ਖਿਡਾਰੀ ਨੂੰ ਹਾਕੀ ਟੀਮ ਦੀ ਕਪਤਾਨੀ ਦਾ ਸੁਭਾਗ ਹਾਸਲ ਹੋਇਆ। ਇਕੱਲੀ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੇਸ਼ ਨੂੰ ਤਿੰਨ ਓਲੰਪਿਕ ਕਪਤਾਨ ਦਿੱਤੇ ਹਨ ਅਤੇ ਜਲੰਧਰ ਨੇੜਲੇ ਪਿੰਡ ਮਿੱਠਾਪੁਰ ਨੇ ਵੀ ਦੋ ਕਪਤਾਨ ਦਿੱਤੇ। ਭਾਰਤੀ ਹਾਕੀ ਵਿੱਚ ਮੁੱਢ ਤੋਂ ਹੀ ਪੰਜਾਬੀਆਂ ਦੀ ਸਰਦਾਰੀ ਰਹੀ ਹੈ। ਐਤਕੀਂ ਭਾਰਤੀ ਹਾਕੀ ਟੀਮ 22ਵੀਂ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ ਅਤੇ 10ਵੀਂ ਵਾਰ ਕਪਤਾਨੀ ਪੰਜਾਬੀ ਖਿਡਾਰੀ ਨੂੰ ਮਿਲੀ ਹੈ।
ਓਲੰਪਿਕ ਤਗ਼ਮਾ ਜਿੱਤਣ ਵਿੱਚ ਵੀ ਸਭ ਤੋਂ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਦੀ ਹੈ। ਭਾਰਤ ਨੇ ਹੁਣ ਤੱਕ ਓਲੰਪਿਕ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਵਿੱਚ 9 ਸੋਨੇ, 1 ਚਾਂਦੀ ਤੇ 3 ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 12 ਤਗ਼ਮੇ ਜਿੱਤੇ ਹਨ। ਪੰਜਾਬ ਦੇ 50 ਖਿਡਾਰੀ ਅਜਿਹੇ ਹਨ ਜਿਨ੍ਹਾਂ ਵੱਖ-ਵੱਖ ਮੌਕਿਆਂ ਉਤੇ ਤਗ਼ਮੇ ਜਿੱਤੇ ਹਨ। ਸਭ ਤੋਂ ਵੱਧ ਚਾਰ ਤਗ਼ਮੇ ਜਿੱਤਣ ਵਾਲਾ ਖਿਡਾਰੀ ਵੀ ਪੰਜਾਬੀ ਹੈ। ਊਧਮ ਸਿੰਘ ਨੇ ਤਿੰਨ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ; ਬਲਬੀਰ ਸਿੰਘ ਸੀਨੀਅਰ ਨੇ ਤਿੰਨ ਵਾਰ ਸੋਨੇ ਦਾ ਤਗ਼ਮਾ ਜਿੱਤਿਆ। ਹੈਲਸਿੰਕੀ ਓਲੰਪਿਕ-1952 ਦੇ ਫਾਈਨਲ ਵਿੱਚ ਬਲਬੀਰ ਸਿੰਘ ਸੀਨੀਅਰ ਨੇ ਪੰਜ ਗੋਲ ਕੀਤੇ ਜੋ ਓਲੰਪਿਕ ਇਤਿਹਾਸ ਦੇ ਕਿਸੇ ਵੀ ਫਾਈਨਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ। ਟੋਕੀਓ ਓਲੰਪਿਕ-1964 ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਵੱਲੋਂ ਖੇਡਦਿਆਂ ਪ੍ਰਿਥੀਪਾਲ ਸਿੰਘ 10 ਗੋਲਾਂ ਨਾਲ ਟਾਪ ਸਕੋਰਰ ਬਣਿਆ। 1980 ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵੱਲੋਂ ਸਭ ਤੋਂ ਵੱਧ 14 ਗੋਲ ਸੁਰਿੰਦਰ ਸਿੰਘ ਸੋਢੀ ਨੇ ਕੀਤੇ ਸਨ।
ਓਲੰਪਿਕ ਹਾਕੀ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲੇ 10 ਪੰਜਾਬੀ ਕਪਤਾਨਾਂ ਦੀ ਗੱਲ ਕਰੀਏ ਤਾਂ 1956 ਵਿੱਚ ਮੈਲਬਰਨ ਵਿਖੇ ਪਹਿਲੀ ਵਾਰ ਪੰਜਾਬੀ ਖਿਡਾਰੀ ਨੂੰ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਅਤੇ ਭਾਰਤੀ ਹਾਕੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ। ਬਲਬੀਰ ਸਿੰਘ ਸੀਨੀਅਰ ਦੀ ਇਹ ਤੀਜੀ ਓਲੰਪਿਕਸ ਸੀ ਅਤੇ ਤੀਜਾ ਹੀ ਸੋਨ ਤਗ਼ਮਾ ਸੀ। ਇਸ ਤੋਂ ਬਾਅਦ 1964 ਵਿੱਚ ਟੋਕੀਓ ਵਿਖੇ ਚਰਨਜੀਤ ਕੁਮਾਰ ਨੇ ਕਪਤਾਨੀ ਕੀਤੀ ਅਤੇ ਭਾਰਤ ਨੇ ਸੋਨੇ ਦਾ ਤਗ਼ਮਾ ਜਿੱਤਿਆ। ਊਨਾ (ਸਾਂਝੇ ਪੰਜਾਬ ਦਾ ਹਿੱਸਾ) ਜੰਮਪਲ ਚਰਨਜੀਤ ਕੁਮਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
1968 ਵਿੱਚ ਮੈਕਸੀਕੋ ਵਿੱਚ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਭਾਰਤੀ ਹਾਕੀ ਟੀਮ ਦੇ ਸੰਯੁਕਤ ਕਪਤਾਨ ਸਨ ਜਦੋਂ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਿਥੀਪਾਲ ਸਿੰਘ ਦਾ ਜਨਮ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਦਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵਿਦਿਆਰਥੀ ਸੀ। 1972 ਵਿੱਚ ਮਿਊਨਿਖ ਵਿੱਚ ਫਿਰੋਜ਼ਪੁਰ ਦੇ ਹਰਮੀਕ ਸਿੰਘ ਨੇ ਭਾਰਤ ਦੀ ਕਪਤਾਨੀ ਕੀਤੀ ਅਤੇ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਹਰਮੀਕ ਸਿੰਘ ਦਾ ਭਰਾ ਅਜੀਤ ਸਿੰਘ ਅਤੇ ਭਤੀਜਾ ਗਗਨ ਅਜੀਤ ਸਿੰਘ ਵੀ ਓਲੰਪੀਅਨ ਹਨ। 1976 ਵਿੱਚ ਮਾਂਟਰੀਅਲ ਵਿੱਚ ਅਜੀਤ ਪਾਲ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। 1975 ਵਿੱਚ ਇਕਲੌਤਾ ਸੰਸਾਰ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਅਜੀਤ ਪਾਲ ਸਿੰਘ ਹਾਕੀ ਦੇ ਮੱਕਾ ਸੰਸਾਰਪੁਰ ਦੇ ਰਹਿਣ ਵਾਲੇ ਹਨ।
1976 ਤੋਂ 16 ਵਰ੍ਹਿਆਂ ਬਾਅਦ 1992 ਵਿੱਚ ਬਾਰਸੀਲੋਨਾ ਵਿੱਚ ਕਿਸੇ ਪੰਜਾਬੀ ਖਿਡਾਰੀ ਨੂੰ ਕਪਤਾਨੀ ਮਿਲੀ। ਮਿੱਠਾਪੁਰ ਦੇ ਪਰਗਟ ਸਿੰਘ ਨੂੰ ਕਪਤਾਨ ਬਣਾਇਆ ਗਿਆ। 1996 ਵਿੱਚ ਐਟਲਾਂਟਾ ਵਿੱਚ ਵੀ ਪਰਗਟ ਸਿੰਘ ਕਪਤਾਨ ਸਨ ਅਤੇ ਉਹ ਪਹਿਲੇ ਤੇ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੂੰ ਦੋ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਮਿਲੀ। 2000 ਵਿੱਚ ਸਿਡਨੀ ਵਿੱਚ ਰਮਨਦੀਪ ਸਿੰਘ ਗਰੇਵਾਲ ਨੂੰ ਕਪਤਾਨੀ ਮਿਲੀ। ਰਮਨਦੀਪ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ। 21 ਵਰ੍ਹਿਆਂ ਬਾਅਦ ਪੰਜਾਬ ਨੂੰ ਫਿਰ ਕਪਤਾਨੀ ਮਿਲੀ ਜਦੋਂ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਨੂੰ ਟੋਕੀਓ ਓਲੰਪਿਕ-2021 ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਅਤੇ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ 41 ਵਰ੍ਹਿਆਂ ਬਾਅਦ ਓਲੰਪਿਕ ਤਗ਼ਮਾ ਜਿੱਤਿਆ।
ਹੁਣ ਪਿੰਡ ਤਿੰਮੋਵਾਲ (ਅੰਮ੍ਰਿਤਸਰ) ਦੇ ਹਰਮਨਪ੍ਰੀਤ ਨੂੰ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ। ਹਰਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ’ਚ ਸੋਨੇ ਦਾ ਤਗ਼ਮਾ ਜਿੱਤਿਆ ਸੀ ਜਿਸ ਸਦਕਾ ਭਾਰਤੀ ਟੀਮ ਪੈਰਿਸ ਓਲੰਪਿਕਸ ਲਈ ਸਿੱਧੀ ਕੁਆਲੀਫਾਈ ਹੋ ਗਈ ਸੀ। ਹਰਮਨਪ੍ਰੀਤ ਸਿੰਘ ਡਿਫੈਂਡਰ ਅਤੇ ਡਰੈਗ ਫਲਿੱਕਰ ਹੈ। ਉਪ ਕਪਤਾਨ ਹਾਰਦਿਕ ਸਿੰਘ ਵੀ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦਾ ਵਸਨੀਕ ਹੈ।
ਨਵਦੀਪ ਸਿੰਘ ਗਿੱਲ
ਸੰਪਰਕ: 97800-36216