ਚੰਡੀਗੜ੍ਹ, ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਹੈ ਜਿਸ ਦੌਰਾਨ ਅੱਜ ਬਠਿੰਡਾ ਸ਼ਹਿਰ 40 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਹਾਲਾਂਕਿ ਬਾਅਦ ਦੁਪਹਿਰ ਰਾਜਧਾਨੀ ਚੰਡੀਗੜ੍ਹ, ਲੁਧਿਆਣਾ, ਪਠਾਨਕੋਟ, ਰੋਪੜ ਤੇ ਬਲਾਚੌਰ ’ਚ ਹਲਕਾ ਮੀਂਹ ਪਿਆ ਹੈ। ਸੂਬੇ ਵਿੱਚ ਖੁੱਲ੍ਹ ਕੇ ਮੀਂਹ ਨਾ ਪੈਣ ਕਰਕੇ ਦਿਨ ਸਮੇਂ ਗਰਮੀ ਦਾ ਕਹਿਰ ਜਾਰੀ ਰਿਹਾ, ਜਿਸ ਕਰਕੇ ਤਾਪਮਾਨ ’ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਵਿੱਚ 23 ਤੇ 24 ਜੁਲਾਈ ਨੂੰ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ 23 ਜੁਲਾਈ ਨੂੰ ਔਰੇਂਜ ਤੇ 24 ਜੁਲਾਈ ਲਈ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਬਲਾਚੌਰ ਵਿੱਚ 5-5 ਐੱਮਐੱਮ ਜਦਕਿ ਲੁਧਿਆਣਾ ਵਿੱਚ 2 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਮੁਹਾਲੀ, ਪਠਾਨਕੋਟ ਤੇ ਰੋਪੜ ਵਿੱਚ ਕਿਣ-ਮਿਣ ਹੋਈ ਹੈ। ਦੂਜੇ ਪਾਸੇ ਅੱਜ ਪੰਜਾਬ ਦਾ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ 33.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 36.6 ਡਿਗਰੀ, ਲੁਧਿਆਣਾ ਦਾ 35, ਪਟਿਆਲਾ 32.9, ਪਠਾਨਕੋਟ 35.7, ਬਰਨਾਲਾ 36.9, ਫਰੀਦਕੋਟ 38.9, ਫਤਿਹਗੜ੍ਹ ਸਾਹਿਬ 33, ਫਿਰੋਜ਼ਪੁਰ ਤੇ ਜਲੰਧਰ ਦਾ 35.8 ਡਿਗਰੀ, ਮੋਗਾ 25.2, ਮੁਹਾਲੀ 32.8 ਅਤੇ ਰੋਪੜ ਦਾ 35.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਪੰਜਾਬ ਵਿੱਚ ਮੌਨਸੂਨ ਮੱਠਾ ਹੋਣ ਤੇ ਮੀਂਹ ਨਾ ਪੈਣ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਝੋਨੇ ਦੀ ਲੁਆਈ ਕਰ ਚੁੱਕੇ ਕਿਸਾਨਾਂ ਨੂੰ ਵੀ ਧਰਤੀ ਹੇਠਲੇ ਪਾਣੀ ਤੇ ਨਹਿਰੀ ਪਾਣੀ ’ਤੇ ਟੇਕ ਰੱਖਣੀ ਪੈ ਰਹੀ ਹੈ।