ਅੰਮ੍ਰਿਤਸਰ, 1 ਸਤੰਬਰ (ਦਲਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਜਿੱਥੇ ਦੇਸ਼ ਭਰ ਦੇ ਲੋਕਾਂ ’ਚ ਗੁੱਸਾ ਵੱਧਦਾ ਜਾ ਰਿਹਾ ਹੈ, ਉਥੇ ਲਗਾਤਾਰ ਘਰੇਲੂ ਗੈਸ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਭਾਰੀ ਵਾਧੇ ਨੇ ਘਰੇਲੂ ਜਨਾਨੀਆਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ। ਘਰੇਲੂ ਜਨਾਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਕਦੇ ਅਜਿਹਾ ਨਹੀਂ ਸੀ ਸੋਚਿਆ ਕਿ ਕੇਂਦਰ ਸਰਕਾਰ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਇੰਨ੍ਹਾਂ ਵਧਾ ਕਰ ਦੇਵੇਗੀ।
ਜਨਾਨੀਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਗਰੀਬ ਅਤੇ ਮੱਧ ਵਰਗੀ ਲੋਕਾਂ ਨਾਲ ਧੋਖਾ ਕਰ ਰਹੀ ਹੈ। ਮਈ 2020 ਤੋਂ ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ ’ਤੇ ਸਬਸਿਡੀ ਖ਼ਤਮ ਕਰ ਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀਆਂ ਜਨਾਨੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਮੌਜੂਦਾ ਸਮੇਂ ਵਿਚ ਗੈਸ ਸਿਲੰਡਰ ਦੀ ਕੀਮਤ 890 ਰੁਪਏ ਤੱਕ ਪਹੁੰਚ ਗਈ ਹੈ।