ਜੈਪੁਰ, 31 ਅਗਸਤ (ਦਲਜੀਤ ਸਿੰਘ)- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਸਥਿਤ ਸ਼੍ਰੀਬਾਲਾਜੀ ਕੋਲ ਅੱਜ ਯਾਨੀ ਮੰਗਲਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਟਰੱਕ ਅਤੇ ਜੀਪ ਦਰਮਿਆਨ ਹੋਈ ਟੱਕਰ ’ਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 7 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਅਨੁਸਾਰ ਨੋਖਾ ਬਾਈਪਾਸ ’ਤੇ ਇਕ ਜੀਪ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਰਾਜਮਾਰਗ ’ਤੇ ਕਾਫ਼ੀ ਲੰਬਾ ਜਾਮ ਲੱਗ ਗਿਆ।
ਸਾਰੇ ਮ੍ਰਿਤਕ ਅਤੇ ਜ਼ਖਮੀ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਘਟੀਆ ਪੁਲਸ ਸਟੇਸ਼ਨ ਦੇ ਪਿੰਡ ਸੱਜਨ ਖੇੜਾ ਅਤੇ ਦੌਲਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ’ਚ 8 ਜਨਾਨੀਆਂ ਅਤੇ ਤਿੰਨ ਪੁਰਸ਼ ਹਨ। 12 ਸੀਟਰ ਜੀਪ (ਤੂਫ਼ਾਨ) ’ਚ 18 ਲੋਕ ਸਵਾਰ ਸਨ। ਇਹ ਸਾਰੇ ਰਾਮਦੇਵਰਾ ’ਚ ਦਰਸ਼ਨ ਕਰਨ ਤੋਂ ਬਾਅਦ ਦੇਸ਼ਨੋਕ ਕਰਨੀ ਮਾਤਾ ਦੇ ਦਰਸ਼ਨ ਕਰ ਕੇ ਮੱਧ ਪ੍ਰਦੇਸ਼ ਪਰਤ ਰਹੇ ਸਨ। ਇਸ ਵਿਚ ਨਾਗੌਰ ਵੱਲ ਜਾ ਰਹੇ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ।