ਨਵੀਂ ਦਿੱਲੀ, 31 ਅਗਸਤ (ਦਲਜੀਤ ਸਿੰਘ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਲਿਆਂਵਾਲਾ ਬਾਗ਼ ਸਮਾਰਕ ਸਥਾਨ ਦਾ ਮੁੜ ਨਿਰਮਾਣ ਕੀਤੇ ਜਾਣ ਤੋਂ ਬਾਅਦ ਇਸ ਦੀ ਮਹਾਨਤਾ ਨੂੰ ਲੈ ਕੇ ਸੋਸ਼ਲ ਮੀਡੀਆ ’ਚ ਉੱਠ ਰਹੇ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ ਅਤੇ ਇਹ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਉਨ੍ਹਾਂ ਟਵੀਟ ਕੀਤਾ,‘‘ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ। ਮੈਂ ਇਕ ਸ਼ਹੀਦ ਦਾ ਪੁੱਤਰ ਹਾਂ। ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ’ਤੇ ਸਹਿਨ ਨਹੀਂ ਕਰਾਂਗਾ। ਅਸੀਂ ਇਸ ਵਿਰੁੱਧ ਹਾਂ।’’ ਕਾਂਗਰਸ ਨੇਤਾ ਨੇ ਇਹ ਵੀ ਕਿਹਾ,‘‘ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਨਹੀਂ ਲੜੀ, ਉਹ ਉਨ੍ਹਾਂ ਲੋਕਾਂ ਨੂੰ ਨਹੀਂ ਸਮਝ ਸਕਦੇ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ। ਰਾਹੁਲ ਗਾਂਧੀ ਨੇ ਉਸ ਖ਼ਬਰ ਨੂੰ ਸਾਂਝਾ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਇਸ ਸਮਾਰਕ ਸਥਾਨ ਦੀ ਮਹਾਨਤਾ ਨੂੰ ਲੈ ਕੇ ਸੋਸ਼ਲ ਮੀਡੀਆ ’ਚ ਲੋਕਾਂ ਨੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਿਆਂਵਾਲਾ ਬਾਗ਼ ਦੇ ਮੁੜ ਨਿਰਮਿਤ ਕੰਪਲੈਕਸ ਦਾ ਉਦਘਾਟਨ ਕੀਤਾ ਹੈ।
ਇਸ ਬਾਗ਼ ਦਾ ਕੇਂਦਰੀ ਸਥਾਨ ਮੰਨੇ ਜਾਣ ਵਾਲੇ ‘ਜਵਾਲਾ ਸਮਾਰਕ’ ਦੀ ਮੁਰੰਮਤ ਕਰਨ ਦੇ ਨਾਲ-ਨਾਲ, ਕੰਪਲੈਕਸ ਦਾ ਮੁੜ ਨਿਰਮਾਣ ਕੀਤਾ ਗਿਆ ਹੈ, ਉੱਥੇ ਸਥਿਤ ਤਾਲਾਬ ਨੂੰ ਇਕ ‘ਲਿਲੀ ਤਾਲਾਬ’ ਦੇ ਰੂਪ ’ਚ ਫਿਰ ਤੋਂ ਵਿਕਸਿਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ’ਚ ਸਹੂਲਤ ਲਈ ਇੱਥੇ ਸਥਿਤ ਮਾਰਗਾਂ ਨੂੰ ਚੌੜਾ ਕੀਤਾ ਗਿਆ ਹੈ। ਇਸ ਕੰਪਲੈਕਸ ’ਚ ਕਈ ਨਵੀਆਂ ਅਤੇ ਆਧੁਨਿਕ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ’ਚ ਲੋਕਾਂ ਦੀ ਆਵਾਜਾਈ ਲਈ ਉਪਯੁਕਤ ਸੰਕੇਤਕਾਂ ਤੋਂ ਯੁਕਤ ਨਵ ਵਿਕਸਿਤ ਮਾਰਗ, ਮਹੱਤਵਪੂਰਨ ਸਥਾਨਾਂ ਨੂੰ ਰੋਸ਼ਨ ਕਰਨਾ ਅਤੇ ਵੱਧ ਪੌਦੇ ਲਗਾਉਣ ਦੇ ਨਾਲ ਬਿਹਤਰ ਦ੍ਰਿਸ਼, ਚੱਟਾਨ ਯੁਕਤ ਨਿਰਮਾਣ ਕੰਮ ਅਤੇ ਪੂਰੇ ਬਗੀਚੇ ’ਚ ਆਡੀਓ ਨੋਡਸ ਲਗਾਉਣਾ ਸ਼ਾਮਲ ਹਨ।