ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ। ਇਸ ਤੋਂ ਬਾਅਦ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ, ਬਾਕੀ ਸੂਬਿਆਂ ਲਈ ਹੋਰ ਨਿਯਮ ਹਨ, ਪੰਜਾਬ ਲਈ ਹੋਰ ਹੈ। ਬਾਕੀ ਸੂਬਿਆਂ ਵਿਚ ਐੱਨਐੱਸਏ ਇਕ ਸਾਲ ਦੀ ਹੈ, ਪੰਜਾਬ ਦੇ ਵਿਚ ਦੋ ਸਾਲ ਦੀ ਹੈ। ਬਿਨਾਂ ਵਜ੍ਹਾ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿਚ ਰੱਖਣਾ ਗੈਰ-ਵਾਜਬ ਹੈ, ਜੋ ਨਹੀਂ ਹੋਣਾ ਚਾਹੀਦਾ। ਸਰਕਾਰ ਸਿੱਖਾਂ ਨਾਲ ਹਮੇਸ਼ਾ ਧੱਕਾ ਕਰਦੀ ਆਈ ਆ ਰਹੀ ਹੈ। ਇਹ ਵੀ ਇਕ ਕਿਸਮ ਦਾ ਧੱਕਾ ਹੀ ਹੈ ਕਿ ਚੋਣ ਤੋਂ ਇਕ ਦਿਨ ਪਹਿਲਾਂ ਇਕ ਸਾਲ ਦੀ ਐੱਨਐੱਸਏ ਵਧਾ ਦਿੱਤੀ ਜਾਂਦੀ ਹੈ, ਇਹ ਧੱਕੇ ਤੋਂ ਵੱਧ ਕੁਝ ਨਹੀਂ। ਇਹ ਸਿੱਖਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ’ਤੇ ਸ਼ਹਿਰੀ ਹਾਂ।
ਜਥੇਦਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਬਿਨਾਂ ਵਜ੍ਹਾ ਬਖੇੜਾ ਖੜ੍ਹਾ ਕੀਤਾ ਗਿਆ। ਸਖਤ ਸੁਰੱਖਿਆ ਵਿਚ ਲਿਆਂਦਾ, ਲੱਖਾਂ ਲੋਕਾਂ ਦਾ ਜਿਹੜਾ ਫਤਵਾ ਦਿੱਤਾ, ਉਸ ਦਾ ਵੀ ਸਰਕਾਰ ਸਨਮਾਨ ਨਹੀਂ ਕਰ ਰਹੀ। ਆਪਣੇ ਆਪ ਨੂੰ ਭਾਰਤ ਦੁਨੀਆ ਦਾ ਬਹੁਤ ਵੱਡਾ ਡੈਮੋਕਰੇਸੀ ਦੇਸ਼ ਅਖਵਾਉਂਦਾ ਹੈ, ਜੋ ਡੈਮੋਕਰੇਸੀ ਦੇਸ਼ ਹੈ, ਫਿਰ ਡੈਮੋਕਰੇਟਿਕ ਲੀਡਰ, ਡੈਮੋਕਰੇਟਿਕ ਪਾਰਟੀਆਂ ਨੂੰ ਡੈਮੋਕਰੇਸੀ ਦਾ ਸਤਿਕਾਰ ਕਰਨਾ ਚਾਹੀਦਾ। ਡੈਮੋਕਰੇਸੀ ਦਾ ਸਤਿਕਾਰ ਕਰਦੇ ਬਿਨਾਂ ਸ਼ਰਤ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਬਾਕੀ ਸੂਬਿਆਂ ਵਿਚ ਸਿੱਖਾਂ ਨੂੰ ਦਸਤਾਰਧਾਰੀ ਨੂੰ ਲੈ ਕੇ ਦਹਿਸ਼ਤ, ਵੱਖਵਾਦੀ, ਅੱਤਵਾਦੀ ਕਹਿ ਕੇ ਦੁਨੀਆ ਵਿਚ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਿੱਖ ਇੰਗਲੈਂਡ ਦੀ ਪਾਰਲੀਮੈਂਟ ਵਿਚ ਬੈਠੇ ਹਨ।