ਮਹਾਪੰਚਾਇਤ ’ਚ ਕਿਸਾਨਾਂ ਦਾ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਅਲਟੀਮੇਟਮ, ਰੱਖੀਆਂ 3 ਮੰਗਾਂ

gurnaam singh/nawanpunjab.com

ਕਰਨਾਲ, 30 ਅਗਸਤ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ’ਚ ਮਹਾਪੰਚਾਇਤ ’ਚ ਕਿਸਾਨ ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਕਿਸਾਨ ਆਗੂਆਂ ਨੇ ਤਿੰਨ ਮੰਗਾਂ ਰੱਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਤੋਂ ਬਾਅਦ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਨਾਲ ਹੀ ਜੋ ਕਿਸਾਨ ਜ਼ਖਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਦਾ ਮੁਆਵਜ਼ਾ ਮਿਲੇ। ਲਾਠੀਚਾਰਜ ਲਈ ਦੋਸ਼ੀ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਤੰਬਰ ਨੂੰ ਕਰਨਾਲ ’ਚ ਮਹਾਪੰਚਾਇਤ ਬੁਲਾਉਣਗੇ। ਮਹਾਪੰਚਾਇਤ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਕਿਸਾਨਾਂ ’ਤੇ ਪੁਲਸ ਦੇ ਲਾਠੀਚਾਰਜ ਨੂੰ ਲੈ ਕੇ ਘਰੌਂਡਾ ਅਨਾਜ ਮੰਡੀ ’ਚ ਹਜ਼ਾਰਾਂ ਕਿਸਾਨ ਜੁਟੇ।

ਇਸ ਦੌਰਾਨ 23 ਕਿਸਾਨ ਆਗੂਆਂ ਨੇ ਭਾਸ਼ਣ ਦੌਰਾਨ ਆਪਣੀ-ਆਪਣੀ ਰਾਏ ਪੇਸ਼ ਕੀਤੀ। ਇਨ੍ਹਾਂ ਨੇ ਸੰਯੁਕਤ ਰੂਪ ਨਾਲ ਮੰਗ ਕੀਤੀ ਕਿ ਐੱਸ.ਡੀ.ਐੱਮ. ਨੂੰ ਬਰਖ਼ਾਸਤ ਕਰ ਕੇ ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਨਾਲ ਹੀ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਿਸਾਨਾਂ ਤੋਂ ਮੁਆਫ਼ੀ ਮੰਗਣ। ਮਹਾਪੰਚਾਇਤ ਦੌਰਾਨ ਬਸਤਾੜਾ ਟੋਲ ’ਤੇ ਸੱਟ ਲੱਗਣ ਤੋਂ ਬਾਅਦ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮਰੇ ਕਿਸਾਨ ਸੁਸ਼ੀਲ ਨੂੰ 2 ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਦਿੱਤੀ। ਦੱਸ ਦੇਈਏ ਕਿ ਸ਼ਨੀਵਾਰ ਨੂੰ ਹਰਿਆਣਾ ਪੁਲਸ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਕਰਨਾਲ ’ਚ ਬਸਤਾੜਾ ਟੋਲ ਪਲਾਜ਼ਾ ’ਤੇ ਲਾਠੀਚਾਰਜ ਕੀਤਾ ਸੀ। ਲਾਠੀਚਾਰਜ ’ਚ 36 ਤੋਂ ਵਧੇਰੇ ਕਿਸਾਨ ਜ਼ਖਮੀ ਹੋ ਗਏ ਸਨ।

Leave a Reply

Your email address will not be published. Required fields are marked *