ECI ਨੇ 13 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਦਾ ਕੀਤਾ ਐਲਾਨ, ਜਲੰਧਰ ਵੈਸਟ ਸੀਟ ਲਈ ਇਸ ਦਿਨ ਹੋਵੇਗੀ ਵੋਟਿੰਗ

ਚੰਡੀਗੜ੍ਹ : ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਦਾ ਐਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਪੰਜਾਬ-ਬਿਹਾਰ-ਤਾਮਿਲਨਾਡੂ-ਮੱਧ ਪ੍ਰਦੇਸ਼ ਦੀ 1-1 ਸੀਟ, ਪੱਛਮੀ ਬੰਗਾਲ ਦੀਆਂ 4 ਤੇ ਉੱਤਰਾਖੰਡ ਦੀਆਂ 2 ਸੀਟਾਂ ਲਈ ਜ਼ਿਮਨੀ ਚੋਣ ਹੋਵੇਗੀ। ਉਮੀਦਵਾਰ 21 ਜੂਨ ਨੂੰ ਨੌਮੀਨੇਸ਼ਨ ਦਾਖ਼ਲ ਕਰਨਗੇ ਤੇ 26 ਜੂਨ ਨੂੰ ਨਾਮ ਵਾਪਸ ਲੈ ਸਕਦੇ ਹਨ। 10 ਜੁਲਾਈ ਨੂੰ ਇਸ ਸੀਟ ਲਈ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ।।

ਸੀਈਓ ਪੰਜਾਬ ਸਿਬਿਨ ਸੀ ਨੇ ਦੱਸਿਆ ਕਿ 14 ਜੂਨ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਤਾਰੀਖ 26 ਜੂਨ (ਬੁੱਧਵਾਰ) ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ (ਸ਼ਨੀਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।

ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਜ਼ਾਬਤਾ 15 ਜੁਲਾਈ (ਸੋਮਵਾਰ) ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ 34-ਜਲੰਧਰ ਪੱਛਮੀ (ਐਸ.ਸੀ) ਦੇ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

Leave a Reply

Your email address will not be published. Required fields are marked *