ਜਲੰਧਰ : ਪੰਜਾਬ ’ਚ ਝੋਨੇ ਦੀ ਲੁਆਈ ਦਾ ਸੀਜ਼ਨ 11 ਜੂਨ ਤੋਂ ਸ਼ੁਰੂ ਹੋ ਜਾਵੇਗਾ। ਖੇਤੀਬਾੜੀ ਵਿਭਾਗ, ਪਾਵਰਕਾਮ ਤੇ ਨਹਿਰੀ ਵਿਭਾਗ ਨੇ ਇਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹਾਲਾਂਕਿ ਝੋਨੇ ਦੀ ਡੀਐੱਸਆਰ ਵਿਧੀ ਰਾਹੀਂ ਬਿਜਾਈ ਬੀਤੀ 15 ਮਈ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਵਿਧੀ ਰਾਹੀਂ ਸੂਬੇ ’ਚ ਕਿੰਨੇ ਰਕਬੇ ’ਚ ਬਿਜਾਈ ਹੋ ਚੁੱਕੀ ਹੈ, ਇਸ ਬਾਰੇ ਹਾਲੇ ਤੱਕ ਵਿਭਾਗ ਕੋਲ ਅੰਕੜੇ ਨਹੀਂ ਪੁੱਜੇ ਹਨ।
ਪਨੀਰੀ ਰਾਹੀਂ 11 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਲੁਆਈ ਸਬੰਧੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਤਹਿਤ ਨਹਿਰੀ ਪਾਣੀ ਵਾਲੇ ਖੇਤਰ ’ਚ ਪੈਂਦੇ ਜ਼ਿਲ੍ਹੇ ਫ਼ਰੀਦਕੋਟ, ਮਾਨਸਾ, ਫ਼ਾਜ਼ਿਲਕਾ, ਬਠਿੰਡਾ, ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ’ਚ ਬਿਜਲੀ ਦੀ ਸਪਲਾਈ 8 ਘੰਟੇ ਯਕੀਨੀ ਬਣਾਉਣ ਤੇ ਨਹਿਰਾਂ ’ਚ ਪਾਣੀ ਛੱਡਣ ਬਾਰੇ 11 ਮਈ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਦੂਜੇ ਪੜਾਅ ਤਹਿਤ ਬਾਕੀ ਦੇ 17 ਜ਼ਿਲ੍ਹਿਆਂ ’ਚ ਬਿਜਾਈ 15 ਜੂਨ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਸੂਬੇ ’ਚ 32 ਲੱਖ ਹੈਕਟੇਅਰ ਦੇ ਕਰੀਬ ਰਕਬੇ ’ਚ ਝੋਨੇ ਦੀ ਬਿਜਾਈ ਹੋਣ ਦੀ ਉਮੀਦ ਹੈ।