ਕੈਨੇਡਾ ‘ਚ ਇੰਦਰਾ ਗਾਂਧੀ ਦੀ ਹੱਤਿਆ ਦੀਆਂ ਤਸਵੀਰਾਂ ਦਾ ਪ੍ਰਦਰਸ਼ਨ, ਖਾਲਿਸਤਾਨੀਆਂ ਨੇ ਭਾਰਤੀ ਕੌਂਸਲੇਟ ਦੇ ਬਾਹਰ ਕੀਤਾ ਪ੍ਰਦਰਸ਼ਨ

ਕੈਨੇਡਾ ‘ਚ ਖਾਲਿਸਤਾਨੀਆਂ ਦੀਆਂ ਹਰਕਤਾਂ ਲਗਾਤਾਰ ਭਾਰਤ ਦੀ ਚਿੰਤਾ ਵਧਾ ਰਹੀਆਂ ਹਨ। ਵੀਰਵਾਰ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨੀ ਅਨਸਰਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਨ੍ਹਾਂ ਵੱਖਵਾਦੀ ਤੱਤਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀਆਂ ਤਸਵੀਰਾਂ ਦਿਖਾਈਆਂ। ਹੁਣ ਭਾਰਤ ਸਰਕਾਰ ਨੇ ਰਸਮੀ ਤੌਰ ‘ਤੇ ਇਹ ਮਾਮਲਾ ਕੈਨੇਡਾ ਕੋਲ ਉਠਾਉਣ ਦਾ ਫੈਸਲਾ ਕੀਤਾ ਹੈ। ਇਸ ਪ੍ਰਦਰਸ਼ਨ ਦੌਰਾਨ ਇੰਦਰਾ ਗਾਂਧੀ ਨੂੰ ਗੋਲ਼ੀਆਂ ਨਾਲ ਭੁੰਨਦੇ ਹੋਏ ਦਿਖਾਇਆ ਗਿਆ ਸੀ। ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਹੀ ਦੋ ਸੁਰੱਖਿਆ ਕਰਮੀਆਂ ਨੇ ਗੋਲ਼ੀ ਮਾਰ ਦਿੱਤੀ ਸੀ। ਇਨ੍ਹਾਂ ਕਾਤਲਾਂ ‘ਚੋਂ ਇਕ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਪੰਜਾਬ ਦੀ ਲੋਕ ਸਭਾ ਸੀਟ ਤੋਂ ਜਿੱਤਿਆ ਹੈ।

ਵੱਖਵਾਦੀਆਂ ਦੇ ਹੌਸਲੇ ਤੇ ਕੈਨੇਡਾ ‘ਚ ਉਨ੍ਹਾਂ ਨੂੰ ਕਿੰਨੀ ਹੱਲਾਸ਼ੇਰੀ ਮਿਲ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਭਾਰਤੀ ਕੌਂਸਲੇਟ ਦੇ ਬਾਹਰ ਇਕੱਠੇ ਹੋਏ ਸਨ। ਭਾਰਤ ਵਿਰੋਧੀ ਨਾਅਰੇ ਲਾਏ। ਵੈਨਕੂਵਰ ਤੋਂ ਇਲਾਵਾ ਟੋਰਾਂਟੋ ‘ਚ ਵੀ ਅਜਿਹਾ ਹੀ ਪ੍ਰਦਰਸ਼ਨ ਹੋਇਆ। ਇਸ ਵਿਚ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀਆਂ ਤਸਵੀਰਾਂ ਨਹੀਂ ਦਿਖਾਈਆਂ ਗਈਆਂ ਪਰ ਉੱਥੇ ਇਕੱਠੇ ਹੋਏ ਲੋਕਾਂ ਦੇ ਹੱਥਾਂ ‘ਚ ਖਾਲਿਸਤਾਨੀ ਝੰਡੇ ਸਨ ਤੇ ਨਾਅਰੇਬਾਜ਼ੀ ਕਰ ਰਹੇ ਸਨ। ਭਾਰਤ ਦੇ ਇਕ ਸੀਨੀਅਰ ਕੂਟਨੀਤਕ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਚ ਸ਼ਿਕਾਇਤ ਕਰਾਂਗੇ।

Leave a Reply

Your email address will not be published. Required fields are marked *