ਮਾਨਸਾ, 29 ਅਪਰੈਲ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਦੀ ਚਰਚਾ ਨੂੰ ਲੈ ਕੇ ਛਿੜੇ ਘਮਸਾਨ ਦਾ ਅੱਜ ਦੇਰ ਰਾਤ ਉਸ ਵੇਲੇ ਅੰਤ ਹੋ ਗਿਆ, ਜਦੋਂ ਪਰਿਵਾਰ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਚੱਲਣ ਦਾ ਫੈਸਲਾ ਕਰ ਲਿਆ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ, ਬਠਿੰਡਾ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਲੈ ਕੇ ਪਿੰਡ ਮੂਸਾ ਵਿੱਚ ਉਨ੍ਹਾਂ ਦੀ ਹਵੇਲੀ ਪੁੱਜੇ। ਇਸ ਤੋਂ ਪਹਿਲਾਂ ਕੱਲ੍ਹ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ, ਸਗੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ, ਜਿਸ ਤੋਂ ਕਾਂਗਰਸ ਹਾਈਕਮਾਂਡ ਘਬਰਾ ਗਈ ਸੀ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਤੋਂ ਬਾਅਦ ਕਾਂਗਰਸ ਉਨ੍ਹਾਂ ਨੂੰ ਮਨਾਉਣ ’ਚ ਲੱਗੀ ਹੋਈ ਸੀ।
ਅੱਜ ਦੇਰ ਸ਼ਾਮ ਮੂਸੇਵਾਲਾ ਦੀ ਹਵੇਲੀ ਵਿੱਚ ਲੋਕਾਂ ਦੇ ਵੱਡੇ ਇਕੱਠ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਲੀਡਰ ਨੇ ਇਨਸਾਫ਼ ਦੀ ਲੜਾਈ ਲਈ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਸਰਕਾਰਾਂ ਆਪਸ ਵਿੱਚ ਮਿਲੀਆਂ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪਰਿਵਾਰ ਸਣੇ ਲੋਕਾਂ ਦੇ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨਸਾਫ਼ ਦੀ ਲੜਾਈ ਵਿੱਚ ਹਮੇਸ਼ਾ ਪਰਿਵਾਰ ਨਾਲ ਚੱਲੇਗਾ ਅਤੇ ਕਦੇ ਪਰਿਵਾਰ ਤੋਂ ਬਾਹਰ ਨਹੀਂ ਹੋਵੇਗਾ। ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦਾ ਪਾਰਟੀ ਨਾਲ ਕੋਈ ਰੌਲਾ ਨਹੀਂ ਹੈ, ਸਗੋਂ ਉਹ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਦੁਖੀ ਹਨ, ਜਿਨ੍ਹਾਂ ਨੇ ਇਨਸਾਫ਼ ਦੀ ਲੜਾਈ ਲਈ ਪਰਿਵਾਰ ਦਾ ਕਦੇ ਸਾਥ ਨਹੀਂ ਦਿੱਤਾ।