ਆਪ ਤੇ ਕਾਂਗਰਸ ਦਾ ਚੰਡੀਗੜ੍ਹ ’ਚ ਪਿਆਰ, ਪੰਜਾਬ ‘ਚ ਤਕਰਾਰ

ਚੰਡੀਗੜ੍ਹ: ਭਾਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਵਿਚ ਅਲੱਗ-ਅਲੱਗ ਚੋਣਾਂ ਲੜ੍ਹ ਰਹੇ ਹਨ ਅਤੇ ਦੋਵਾਂ ਪਾਰਟੀਆਂ ਨੇ ਤੇਰਾਂ ਦੀਆਂ ਤੇਰਾਂ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ, ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਦੋਵੇ ਪਾਰਟੀਆਂ ਮਿਲਕੇ ਚੋਣ ਲੜ੍ਹ ਰਹੇ ਹਨ। ਬਕਾਇਦਾ ਦੋਵਾਂ ਪਾਰਟੀਆਂ ਦੇ ਆਗੂ ਸਾਂਝੀਆਂ ਮੀਟਿੰਗਾਂ ਕਰਕੇ ਵੋਟਾਂ ਮੰਗ ਰਹੇ ਹਨ।

ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ਼ ਜਰਨੈਲ ਸਿੰਘ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਵਿਚ ਘੱਟ ਨਜ਼ਰ ਆਉਂਦੇ ਹਨ, ਪਰ ਉਹ ਲਗਾਤਾਰ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸੀ ਤਰ੍ਹਾਂ ਆਪ ਦੇ ਸਹਿ ਇੰਚਾਰਜ਼ ਡਾ ਸੰਨੀ ਆਹਲੂਵਾਲੀਆ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਤੇ ਦੋਵਾਂ ਪਾਰਟੀਆ ਦੇ ਕੌਂਸਲਰ ਸਾਂਝੀਆਂ ਮੀਟਿੰਗਾਂ ਵਿਚ ਵੀ ਇਕੱਤਰ ਹੁੰਦੇ ਹਨ ਤੇ ਇਕੱਠੇ ਵੋਟਾਂ ਮੰਗਦੇ ਹਨ।

ਜਦਕਿ ਦੂਜੇ ਪਾਸੇ ਪੰਜਾਬ ਵਿਚ ਦੋਵਾਂ ਪਾਰਟੀਆਂ ਦੇ ਆਗੂ ਇਕ ਦੂਜੇ ਖਿਲਾਫ਼ ਸਿਆਸੀ ਧੂੰਆਧਾਰ ਪ੍ਰਚਾਰ ਕਰਦੇ ਹੋਏ ਦੋਸ਼ਾਂ ਦੀ ਬਰਸਾਤ ਕਰਦੇ ਹਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਦੋਵੇਂ ਪਾਰਟੀਆਂ ਪੰਜਾਬ ਵਿਚ ਵੀ ਮਿਲਕੇ ਚੋਣਾਂ ਲੜ ਰਹੇ ਹਨ, ਸਿਰਫ਼ ਲੋਕ ਦਿਖਾਵੇ ਲਈ ਅਲੱਗ ਅਲੱਗ ਉਮੀਦਵਾਰ ਖੜ੍ਹੇ ਕੀਤੇ ਹਨ ਤਾਂ ਜੋ ਸਰਕਾਰ ਵਿਰੋਧੀ ਲਹਿਰ ਨੂੰ ਦੂਜੀਆਂ ਪਾਰਟੀਆਂ ਵੱਲ੍ਹ ਜਾਣ ਤੋ ਰੋਕਿਆ ਜਾ ਸਕੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਾਰੇ ਭੇਤ ਖੋਲ੍ਹਣਗੇ। ਦੂਲੋ ਅਤੇ ਸਿਆਸੀ ਮਾਹਿਰਾ ਦਾ ਕਹਿਣਾ ਹੈ ਕਿ ਕਈ ਹਲਕਿਆਂ ਵਿਚ ਦੋਵਾਂ ਪਾਰਟੀਆਂ ਨੇ ਅਜਿਹੇ ਆਗੂਆਂ ਨੂੰ ਉਮੀਦਵਾਰ ਬਣਾਇਆ ਹੈ, ਜਿਹੜੇ ਸਿਆਸੀ ਤੌਰ ’ਤੇ ਵੱਡੀ ਪਛਾਣ ਨਹੀਂ ਰੱਖਦੇ। ਬਲਕਿ ਇਕ ਦੂਜੀ ਪਾਰਟੀ ਦੇ ਖਿਲਾਫ਼ ਹਲਕੇ ਉਮੀਦਵਾਰ ਹਨ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਦੋਵੇ ਪਾਰਟੀਆਂ ਕੌਮੀ ਪੱਧਰ ਉਤੇ ਬਣੀ ਸਿਆਸੀ ਸਾਂਝ ਨੂੰ ਨਿਭਾ ਰਹੀਆਂ ਹਨ।

Leave a Reply

Your email address will not be published. Required fields are marked *