CM Manohar Lal Khattar resign: ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਵਿਚਕਾਰ ਗਠਜੋੜ ਟੁੱਟਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਖੱਟਰ ਨੇ ਰਾਜ ਭਵਨ ਪਹੁੰਚ ਕੇ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੂੰ ਸੌਂਪ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੀਐਮ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਸਵੇਰੇ 11 ਵਜੇ ਭਾਜਪਾ ਵਿਧਾਇਕ ਦਲ ਨਾਲ ਮੀਟਿੰਗ ਕੀਤੀ ਅਤੇ ਫਿਰ ਹਰਿਆਣਾ ਦੇ ਰਾਜਪਾਲ ਨੂੰ ਮਿਲਣ ਲਈ ਰਵਾਨਾ ਹੋਏ। ਮੁੱਖ ਮੰਤਰੀ ਦੀ ਕਾਰ ਵਿੱਚ ਗ੍ਰਹਿ ਮੰਤਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮੰਤਰੀ ਰਾਜਪਾਲ ਨੂੰ ਮਿਲਣ ਵੀ ਗਏ ਹਨ। ਇਸਤੋਂ ਪਹਿਲਾਂ ਗਠਜੋੜ ਟੁੱਟਣ ਬਾਰੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਹਾਈਕਮਾਂਡ ਨਾਲ ਦੇਰ ਰਾਤ ਗੱਲਬਾਤ ਹੋਈ ਸੀ, ਪਰੰਤੂ ਭਾਜਪਾ ਨੇ ਜੇਜੇਪੀ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਨਵੇਂ ਮੁੱਖ ਮੰਤਰੀ ਨੂੰ ਲੈ ਕੇ ਰਹੱਸ ਬਰਕਰਾਰ
ਦਰਅਸਲ ਮਨੋਹਰ ਲਾਲ ਹਰਿਆਣਾ ਦੇ ਮੁੱਖ ਮੰਤਰੀ ਨਿਵਾਸ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕੁਝ ਆਜ਼ਾਦ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਫਿਰ ਮਨੋਹਰ ਲਾਲ ਰਾਜ ਭਵਨ ਲਈ ਰਵਾਨਾ ਹੋ ਗਏ। ਖਾਸ ਗੱਲ ਇਹ ਹੈ ਕਿ ਸੀਐਮ ਦੀ ਕਾਰ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਵੀ ਮੌਜੂਦ ਸਨ। ਅਜਿਹੇ ‘ਚ ਸੰਭਾਵਨਾ ਹੈ ਕਿ ਵਿਜ ਵੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਮੁੱਖ ਮੰਤਰੀ ਤੋਂ ਇਲਾਵਾ ਬਾਕੀ ਸਾਰੇ ਮੰਤਰੀ ਵੀ ਆਪੋ-ਆਪਣੇ ਵਾਹਨਾਂ ਵਿੱਚ ਰਾਜ ਭਵਨ ਪੁੱਜੇ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਮੁੱਖ ਮੰਤਰੀ ਖੱਟਰ ਵੀ ਦੁਬਾਰਾ ਸਹੁੰ ਚੁੱਕ ਸਕਦੇ ਹਨ, ਜਦਕਿ ਨਵੇਂ ਸੀਐਮ ਵੱਜੋਂ ਨਾਇਬ ਸਿੰਘ ਸੈਣੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।
ਜਾਣਕਾਰੀ ਇਹ ਵੀ ਹੈ ਕਿ ਹਰਿਆਣਾ ਦੇ ਨਵੇਂ ਸੀਐਮ ਦਾ ਸਹੁੰ ਚੁੱਕ ਸਮਾਗਮ ਮੰਗਲਵਾਰ ਦੁਪਹਿਰ ਬਾਅਦ ਨੂੰ ਹੋ ਸਕਦਾ ਹੈ। ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਰਹੱਸ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਹਰਿਆਣਾ ਦੇ ਨਵੇਂ ਸੀਐਮ ਦਾ ਸਹੁੰ ਚੁੱਕ ਸਮਾਗਮ ਸ਼ਾਮ 5 ਵਜੇ ਹੋ ਸਕਦਾ ਹੈ।