ਕੋਲਕਾਤਾ, 9 ਮਾਰਚ
ਪੱਛਮੀ ਬੰਗਾਲ ਸਰਕਾਰ ਨੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸਥਾਨਕ ਆਗੂਆਂ ਖ਼ਿਲਾਫ਼ ਜਿਨਸੀ ਸੋਸ਼ਣ ਅਤੇ ਜ਼ਮੀਨ ਹੜੱਪਣ ਦੇ ਦੋਸ਼ਾਂ ਕਾਰਨ ਚੱਲ ਰਹੇ ਹੰਗਾਮੇ ਦੇ ਮੱਦੇਨਜ਼ਰ ਸੰਦੇਸ਼ਖਲੀ ਥਾਣੇ ਦੇ ਇੰਚਾਰਜ ਬਿਸਵਜੀਤ ਸ਼ਾਨਪੂਈ ਦਾ ਅੱਜ ਤਬਾਦਲਾ ਕਰ ਦਿੱਤਾ। ਗੋਪਾਲ ਸਰਕਾਰ, ਜੋ ਬਸੀਰਹਾਟ ਪੁਲੀਸ ਜ਼ਿਲ੍ਹੇ ਵਿੱਚ ਸੇਵਾਵਾਂ ਨਿਭਾਅ ਰਹੇ ਸਨ, ਨੂੰ ਉਨ੍ਹਾਂ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ, ਪੁਲੀਸ ਅਧਿਕਾਰੀਆਂ ਨੇ ਇਸ ਤਬਾਦਲੇ ਨੂੰ ਆਮ ਪ੍ਰਸ਼ਾਸਕੀ ਕਾਰਵਾਈ ਦੱਸਿਆ ਹੈ। ਜ਼ਿਕਰਯੋਗ ਹੈ ਕਿ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ਼ ਦੀ ਗ੍ਰਿਫ਼ਤਾਰੀ ਮਗਰੋਂ ਸੂਬਾ ਸਰਕਾਰ ਨੇ ਬਸੀਰਹਾਟ ਪੁਲੀਸ ਜ਼ਿਲ੍ਹੇ ਦੇ ਦੋ ਅਧਿਕਾਰੀ ਹਟਾ ਦਿੱਤੇ ਸਨ। ਸ਼ੇਖ਼ ਸੰਦੇਸ਼ਖਲੀ ਵਿੱਚ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਸਬੰਧਾਂ ਕੇਸਾਂ ਵਿੱਚ ਮੁੱਖ ਮੁਲਜ਼ਮ ਹੈ ਅਤੇ ਉਹ 55 ਦਿਨਾਂ ਤੋਂ ਫ਼ਰਾਰ ਚੱਲਿਆ ਆ ਰਿਹਾ ਸੀ। ਸੂਬਾ ਸਰਕਾਰ ਵੱਲੋਂ ਇਹ ਕੇਸ ਸੀਆਈਡੀ ਨੂੰ ਸੌਂਪਿਆ ਗਿਆ ਸੀ। ਪੱਛਮੀ ਬੰਗਾਲ ਪੁਲੀਸ ਨੇ ਸੰਦੇਸ਼ਖਲੀ ਵਿੱਚ ਈਡੀ ਅਧਿਕਾਰੀਆਂ ’ਤੇ ਹਮਲੇ ਦੇ ਮਾਮਲੇ ਵਿੱਚ ਸ਼ੇਖ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਕਲਕੱਤਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਸੀਬੀਆਈ ਨੇ ਬੁੱਧਵਾਰ ਨੂੰ ਸੀਆਈਡੀ ਤੋਂ ਸ਼ੇਖ ਦੀ ਹਿਰਾਸਤ ਹਾਸਲ ਕਰ ਲਈ ਹੈ।