ਕੋਟਾ (ਰਾਜਸਥਾਨ), 8 ਮਾਰਚ
ਅੱਜ ਰਾਜਸਥਾਨ ਦੇ ਕੋਟਾ ’ਚ ਮਹਾਸ਼ਿਵਰਾਤਰੀ ਦੇ ਮੌਕੇ ਸ਼ੋਭਾ ਯਾਤਰਾ ’ਚ ਹਿੱਸਾ ਲੈ ਰਹੇ 14 ਬੱਚੇ ‘ਹਾਈ ਟੈਂਸ਼ਨ’ ਤਾਰ ਦੇ ਸੰਪਰਕ ‘ਚ ਆਉਣ ਕਾਰਨ ਝੁਲਸ ਗਏ। 10 ਤੋਂ 16 ਸਾਲ ਦੀ ਉਮਰ ਦੇ ਬੱਚੇ ਨੀਵੀਂ ‘ਹਾਈ ਟੈਂਸ਼ਨ’ ਤਾਰ ਦੀ ਲਪੇਟ ਵਿੱਚ ਆ ਗਏ। ਬਿਜਲੀ ਦਾ ਝਟਕਾ ਲੱਗਣ ਕਾਰਨ ਇਕ ਬੱਚਾ 100 ਫੀਸਦੀ ਸੜ ਗਿਆ, ਜਦਕਿ ਦੂਜਾ ਬੱਚਾ 50 ਫੀਸਦੀ ਝੁਲਸ ਗਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਕੋਟਾ ਦੇ ਐੱਮਬੀਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਸਵੇਰੇ 11:30 ਤੋਂ ਦੁਪਹਿਰ 12 ਵਜੇ ਦੇ ਹੋਈ, ਜਦੋਂ ਸ਼ੋਭਾ ਯਾਤਰਾ ਕਾਲੀਬਸਤੀ ਤੋਂ ਲੰਘ ਰਹੀ ਸੀ। ਇਸ ਦੌਰਾਨ ਯਾਤਰਾ ‘ਚ ਸ਼ਾਮਲ ਲੜਕਾ, ਜਿਸ ਨੇ 22 ਫੁੱਟ ਉੱਚਾ ਡੰਡਾ ਫੜਿਆ ਹੋਇਆ ਸੀ, ਉਪਰੋਂ ਲੰਘਦੀ ‘ਹਾਈ ਟੈਂਸ਼ਨ’ ਤਾਰ ਦੇ ਸੰਪਰਕ ‘ਚ ਆ ਗਿਆ। ਡੰਡੇ ਨਾਲ ਝੰਡਾ ਵੀ ਸੀ। ਝੰਡਾ ਫੜਨ ਵਾਲਾ ਬੱਚਾ 100 ਫੀਸਦੀ ਸੜ ਗਿਆ। ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਹੋਰ ਬੱਚੇ ਵੀ ਸੜ ਗਏ।