ਨਵੀਂ ਦਿੱਲੀ, 6 ਮਾਰਚ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਅੱਜ ਕੌਮੀ ਰਾਜਧਾਨੀ ’ਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਇਕੱਠੇ ਹੋਣ ਕਾਰਨ ਸਵੇਰ ਤੋਂ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਹੈ। ਦਿੱਲੀ ਪੁਲੀਸ ਅਨੁਸਾਰ ਪੁਲੀਸ ਬਲ ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦਾਂ ਦੇ ਨਾਲ-ਨਾਲ ਰੇਲਵੇ, ਮੈਟਰੋ ਸਟੇਸ਼ਨਾਂ ਅਤੇ ਬੱਸ ਸਟੈਂਡਾਂ ‘ਤੇ ਸਖ਼ਤ ਨਿਗਰਾਨੀ ਰੱਖ ਰਹੇ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਬਾਹਰੀ ਦਿੱਲੀ) ਜਿੰਮੀ ਚਿਰਮ ਨੇ ਦੱਸਿਆ ਕਿ ਦਿੱਲੀ-ਹਰਿਆਣਾ ਸਰਹੱਦ ‘ਤੇ ਪਹਿਲਾਂ ਹੀ ਫੋਰਸ ਤਾਇਨਾਤ ਹੈ। ਕਿਸਾਨਾਂ ਦੇ ਸੱਦੇ ਦੇ ਮੱਦੇਨਜ਼ਰ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਸਿੰਘੂ ਅਤੇ ਟਿੱਕਰੀ ਸਰਹੱਦ ‘ਤੇ ਵਾਹਨਾਂ ਦੀ ਆਵਾਜਾਈ ਲਈ ਲਗਾਈਆਂ ਗਈਆਂ ਅਸਥਾਈ ਨਾਕਾਬੰਦੀਆਂ ਨੂੰ ਹਟਾ ਦਿੱਤਾ ਹੈ। ਪੁਲੀਸ ਅਤੇ ਨੀਮ ਫੌਜੀ ਬਲ ਹਾਲੇ ਵੀ ਤਾਇਨਾਤ ਹਨ ਅਤੇ (ਉਹ) 24 ਘੰਟੇ ਸਖਤ ਚੌਕਸੀ ਨੂੰ ਯਕੀਨੀ ਬਣਾ ਰਹੇ ਹਨ।