ਭਵਾਨੀਗੜ੍ਹ, 2 ਮਾਰਚ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਬਲਾਕ ਭਵਾਨੀਗੜ੍ਹ ਦੇ ਪਿੰਡ ਨਾਗਰਾ ਵਿੱਚ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ 6.37 ਕਰੋੜ ਰੁਪਏ ਦੀ ਲਾਗਤ ਨਾਲ 26 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਲਈ ਵਿਸ਼ੇਸ਼ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਦੋਜ਼ ਪਾਈਪਲਾਈਨਾਂ ਰਾਹੀਂ ਕਰੀਬ 1350 ਕਿੱਲਿਆਂ ਨੂੰ ਨਹਿਰੀ ਪਾਣੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 74 ਸਾਲਾਂ ਦੇ ਇਤਿਹਾਸ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਦਾ ਇਹ ਹੁਣ ਤੱਕ ਦਾ ਲਾਗਤ ਪੱਖੋਂ ਅਤੇ ਆਰਸੀਸੀ ਪਾਈਪ ਲਾਈਨ ਦੀ ਲੰਬਾਈ ਪੱਖੋਂ ਸੂਬੇ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ। ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਆਰੰਭ ਹੋਣ ਨਾਲ ਨਾਗਰਾ ਪਿੰਡ ਰਾਜ ਦਾ ਅਜਿਹਾ ਪਹਿਲਾ ਪਿੰਡ ਬਣ ਗਿਆ ਹੈ ਜਿਥੇ ਸਿਰਫ਼ ਇੱਕ ਪਿੰਡ ਵਿੱਚ ਐਨੀ ਵੱਡੀ ਰਾਸ਼ੀ ਨਾਲ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚ ਸਬੰਧੀ ਇਹ ਪ੍ਰਾਜੈਕਟ ਮਾਨ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ 260 ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਫਸਲ ਦੀ ਪੈਦਾਵਾਰ ਵਧੇਗੀ। ਇਸ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਐਕਸੀਅਨ ਗੁਰਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਤਾਰੀ, ਲਖਵਿੰਦਰ ਸਿੰਘ ਐੱਸਡੀਓ, ਸੂਬੇਦਾਰ ਕੁਲਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਿੰਦਰ ਪਾਲ ਖੇੜੀ, ਦੀਪ ਸਰਪੰਚ ਕਨੋਈ, ਸਾਬਕਾ ਸਰਪੰਚ ਗੁਰਚਰਨ ਸਿੰਘ ਵੀ ਹਾਜ਼ਰ ਸਨ।
ਪਿੰਡ ਨਾਗਰਾ ਵਿੱਚ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।