ਨਵੀਂ ਦਿੱਲੀ, 23 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਿਰਆ ਲਗਾਤਾਰ ਜਾਰੀ ਹੈ। ਕੁਝ ਸਮਾਂ ਪਹਿਲਾਂ ਦਿੱਲੀ ਹਵਾਈ ਅੱਡੇ ‘ਤੇ ਸਵੇਰੇ 5:10 ਵਜੇ 104 ਲੋਕਾਂ ਨੂੰ ਲੈ ਕੇ ਦਿੱਲੀ ਪਹੁੰਚਿਆ ਗਿਆ। ਇਸ ਤੋਂ ਪਹਿਲਾਂ ਵੀ 31 ਲੋਕ ਦੋਹਾ ਰਾਹੀਂ ਦੇਰ ਰਾਤ ਦਿੱਲੀ ਪਹੁੰਚ ਚੁੱਕੇ ਹਨ। 30 ਲੋਕ ਕਤਰ ਏਅਰਵੇਜ਼ ਜ਼ਰੀਏ ਰਾਤ ਕਰੀਬ 2 ਵਜੇ ਪਹੁੰਚੇ, ਜਦੋਂ ਕਿ ਸਵੇਰੇ 3 ਵਜੇ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਇੱਕ ਨਾਗਰਿਕ ਦੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਦੀ ਖ਼ਬਰ ਵੀ ਹੈ। ਇਸ ਤਰ੍ਹਾਂ ਹੁਣ ਤੱਕ ਦੀ ਜਾਣਕਾਰੀ ਮੁਤਾਬਕ, 135 ਲੋਕ ਦੋਹਾ ਰਾਹੀਂ ਭਾਰਤ ਆਏ ਹਨ।
ਭਾਰਤ ਅਮਰੀਕਾ, ਕਤਰ, ਤਜ਼ਾਕਿਸਤਾਨ ਅਤੇ ਹੋਰ ਕਈ ਮਿੱਤਰ ਦੇਸ਼ਾਂ ਨਾਲ ਤਾਲਮੇਲ ਕਰਕੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਚਲਾ ਰਿਹਾ ਹੈ। ਕਤਰ ਵਿੱਚ ਭਾਰਤੀ ਮਿਸ਼ਨ ਨੇ ਐਤਵਾਰ ਰਾਤ ਕਰੀਬ 8 ਵਜੇ ਟਵੀਟ ਕੀਤਾ, ‘ਭਾਰਤੀਆਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।ਅਫਗਾਨਿਸਤਾਨ ਤੋਂ ਦੋਹਾ ਲਿਆਂਦੇ ਗਏ 146 ਭਾਰਤੀ ਨਾਗਰਿਕਾਂ ਦੇ ਦੂਜੇ ਸਮੂਹ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।” ਇਸ ਤੋਂ ਪਹਿਲਾਂ ਭਾਰਤ ਨੇ ਅਫਗਾਨ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਤਿੰਨ ਉਡਾਣਾਂ ਵਿੱਚ ਐਤਵਾਰ ਨੂੰ ਦੋ ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਵਾਪਸ ਲਿਆਂਦਾ।