ਚੰਡੀਗੜ੍ਹ, 23 ਅਗਸਤ (ਦਲਜੀਤ ਸਿੰਘ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ਠੀਕ ਨਹੀਂ ਹੈ। ਘੱਟ ਆਕਸੀਜਨ ਦੇ ਪੱਧਰ ਦੇ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਨਿਊਜ਼ ਏਜੰਸੀ ਪੀਟੀਆਈ ਨੇ ਇਹ ਜਾਣਕਾਰੀ ਹਸਪਤਾਲ ਦੇ ਸੂਤਰਾਂ ਦੇ ਆਧਾਰ ‘ਤੇ ਦਿੱਤੀ ਹੈ। ਦੱਸ ਦੇਈਏ ਕਿ ਅਨਿਲ ਵਿਜ ਦੀ ਸਿਹਤ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਹੈ। ਅਨਿਲ ਵਿਜ ਸਿਹਤ ਖਰਾਬ ਹੋਣ ਕਾਰਨ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ। ਵਿਜ ਨੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਾਜ਼ਰ ਨਾ ਹੋਣ ਲਈ ਪੱਤਰ ਲਿਖਿਆ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਅਨਿਲ ਵਿਜ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਵਿਜ ਦੇ ਹੁਣ ਤੱਕ ਦੇ ਸਾਰੇ ਸੈਸ਼ਨਾਂ ਵਿੱਚ ਇੱਕ ਵਿਧਾਇਕ ਵਜੋਂ ਪੂਰੀ ਹਾਜ਼ਰੀ ਦਾ ਰਿਕਾਰਡ ਹੈ। ਉਨ੍ਹਾਂ ਨੇ ਖੁਦ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦਾ ਆਕਸੀਜਨ ਦਾ ਪੱਧਰ ਘੱਟ ਗਿਆ ਹੈ। ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਵੀਰਵਾਰ ਨੂੰ ਵੀ ਉਨ੍ਹਾਂ ਨੇ ਸਕੱਤਰੇਤ ਵਿੱਚ ਆਕਸੀਜਨ ਸਿਲੰਡਰਾਂ ਨਾਲ ਕੰਮ ਕੀਤਾ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ, ਇਸ ਦੇ ਬਾਵਜੂਦ ਉਹ ਹਰ ਰੋਜ਼ ਦਫਤਰ ਵਿੱਚ ਕੰਮ ਕਰ ਰਹੇ ਹਨ।