ਪਟਿਆਲਾ/ਪਾਤੜਾਂ, 1 ਮਾਰਚ
ਸ਼ੰਭੁ ਅਤੇ ਢਾਬੀਗੁੱਜਰਾਂ ਬਾਰਡਰਾਂ ‘ਤੇ ਜਾਰੀ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗ ਕੀਤੀ ਹੈ ਕਿ 21 ਫ਼ਰਵਰੀ ਨੂੰ ਢਾਬੀਗੁੱਜਰਾਂ ਬਾਰਡਰ ‘ਤੇ ਗੋਲੀ ਲੱਗਣ ਕਾਰਨ ਮੌਤ ਦੇ ਮੂੰਹ ’ਚ ਜਾਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਲਈ ਸਰਕਾਰ ਵੱਲੋਂ ਐਲਾਨੀ ਗਈ ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਅਤੇ ਸ਼ੁਭਕਰਨ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਨੌਕਰੀ ਦੇਣ ਸਬੰਧੀ ਦਸਤਾਵੇਜ਼ੀ ਕਾਰਵਾਈ ਸ਼ਹੀਦ ਦੇ ਭੋਗ ਤੋਂ ਪਹਿਲਾਂ ਯਕੀਨੀ ਬਣਾਈ ਜਾਵੇ। ਮੀਡੀਆ ਰਾਹੀਂ ਕੀਤੀ ਗਈ ਇਸ ਬੇਨਤੀ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਸ਼ੁਭਕਰਨ ਨਮਿਤ ਭੋਗ ਸਮਾਗਮ 3 ਮਾਰਚ ਨੂੰ ਹੋਵੇਗਾ। ਇਸ ਲਈ ਮੁਆਵਜ਼ਾ ਰਾਸ਼ੀ ਭੋਗ ਤੋਂ ਪਹਿਲਾਂ ਪਹਿਲਾਂ ਪਹਿਲਾਂ ਸ਼ੁਭਕਰਨ ਦੇ ਪਰਿਵਾਰ ਨੂੰ ਸੌਂਪੀ ਜਾਵੇ। ਇਸ ਦੇ ਨਾਲ ਹੀ ਉਹਨਾਂ ਸ਼ਹੀਦ ਦੀ ਭੈਣ ਗੁਰਪ੍ਰੀਤ ਕੌਰ ਨੂੰ ਪੁਲੀਸ ਵਿੱਚ ਕਾਂਸਟੇਬਲ ਦੀ ਦਿੱਤੀ ਜਾਣ ਵਾਲੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਵੀ ਭੋਗ ਤੋਂ ਪਹਿਲਾਂ ਦਿੱਤੀ ਜਾਵੇ।