ਨਵੀਂ ਦਿੱਲੀ, 27 ਫਰਵਰੀ
ਗੰਭੀਰ ਕੋਵਿਡ ਤੋਂ ਪੀੜਤ ਬਹੁਤ ਸਾਰੇ ਭਾਰਤੀਆਂ ਦੇ ਫੇਫੜੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਲਗਪਗ ਅੱਧੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਹੈ। ਇਹ ਗੱਲ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਈ ਹੈ। ਕ੍ਰਿਸਚੀਅਨ ਮੈਡੀਕਲ ਕਾਲਜ ਵੇਲੋਰ ਵੱਲੋਂ ਕੀਤਾ ਗਿਆ ਇਹ ਅਧਿਐਨ ਫੇਫੜਿਆਂ ‘ਤੇ ਕੋਵਿਡ-19 ਦੇ ਪ੍ਰਭਾਵ ਦੀ ਜਾਂਚ ਕਰਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਅਧਿਐਨ ਹੈ। ਇਸ ਵਿੱਚ 207 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੋਵਿਡ ਤੋਂ ਠੀਕ ਹੋਏ ਵਿਅਕਤੀਆਂ ਵਿੱਚ ਫੇਫੜਿਆਂ ਦੇ ਕੰਮਕਾਜ, ਕਸਰਤ ਕਰਨ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਕਮੀ ਦੇਖੀ ਗਈ। ਅਧਿਐਨ ਦਰਸਾਉਂਦਾ ਹੈ ਕਿ ਔਸਤਨ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਗੰਭੀਰ ਬਿਮਾਰੀ ਤੋਂ ਠੀਕ ਹੋਏ ਭਾਰਤੀਆਂ ਵਿੱਚ ਸਾਹ ਸਬੰਧੀ ਬਿਮਾਰੀ ਦੇ ਲੱਛਣ ਹਨ, ਜਿਨ੍ਹਾਂ ਵਿੱਚ 49.3 ਫੀਸਦ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ 27.1 ਫੀਸਦ ਨੂੰ ਖੰਘ ਹੈ।