ਨਿਊਯਾਰਕ, 26 ਫਰਵਰੀ
ਜਨਵਰੀ 2022 ਦੀ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸਬੰਧ ਵਿੱਚ ਸ਼ਿਕਾਗੋ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ’ਚ ਗੁਜਰਾਤੀ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਜੀਆਂ ਦੀ ਮੌਤ ਉਦੋਂ ਠੰਢ ਵਿੱਚ ਹੋ ਗਈ ਸੀ, ਜਦੋਂ ਉਨ੍ਹਾਂ ਨੂੰ ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸ਼ਿਕਾਗੋ ਟ੍ਰਿਬਿਊਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਮੁਲਜ਼ਮ ਹਰਸ਼ਕੁਮਾਰ ਰਮਨਲਾਲ ਪਟੇਲ ਨੂੰ ਅਧਿਕਾਰੀਆਂ ਨੇ ਸ਼ਿਕਾਗੋ ਦੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ 28 ਫਰਵਰੀ ਨੂੰ ਸੁਣਵਾਈ ਲਈ ਅਦਾਲਤ ’ਚ ਪੇਸ਼ ਹੋਵੇਗਾ। ਪਟੇਲ, ਜਿਸ ਨੂੰ ਡਰਟੀ ਹੈਰੀ, ਪਰਮ ਸਿੰਘ ਅਤੇ ਹਰੇਸ਼ ਰਮੇਸ਼ਲਾਲ ਪਟੇਲ ਵਜੋਂ ਵੀ ਜਾਣਿਆ ਜਾਂਦਾ ਹੈ, ’ਤੇ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਅਮਰੀਕਾ ਲਿਆਉਣ ਦਾ ਦੋਸ਼ ਲਗਾਇਆ ਗਿਆ ਹੈ।