ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂ ਥਾਣੇ ਡੱਕੇ

ਤਲਵਾੜਾ, 24 ਫਰਵਰੀ

ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਕੇਰੀਆਂ ਆਮਦ ਤੋਂ ਪਹਿਲਾਂ ਪੁਲੀਸ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਮੁਕੇਰੀਆਂ ਦੇ ਕਨਵੀਨਰ ਰਜਤ ਮਹਾਜਨ ਸਮੇਤ ਕਰੀਬ ਦੋ ਦਰਜਨ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਦਸੂਹਾ ਲਈ ਬੰਦ ਕਰ ਦਿੱਤਾ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ  ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਸਰਕਾਰ ਦੀ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ’ਤੇ ਮੀਟਿੰਗ ਦਾ ਸਮਾਂ ਦੇ ਕੇ ਮੁਨਕਰ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਜਿੰਨੀ ਵਾਰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਓਨੀ ਵਾਰ ਸਰਕਾਰ ਮੀਟਿੰਗ ਕਰਨ ਤੋਂ ਇਨਕਾਰੀ ਰਹੀ। ਅੱਜ ਜਦੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਥਾਨਕ ਆਗੂ ਮੁੱਖ ਮੰਤਰੀ ਨਾਲ ਮੀਟਿੰਗ ਦੇ ਚਾਹਵਾਨ ਸਨ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੁੱਕ ਕੇ ਦਸੂਹਾ ਥਾਣੇ ਬੰਦ ਕਰ ਦਿੱਤਾ ਹੈ। ਐਤਵਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੇ ਬੈਨਰ ਹੇਠ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਮੂਹਰੇ ਸੂਬਾ ਪੱਧਰੀ ਰੈਲੀ ਕਰਨਗੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇਕ ਰੋਜ਼ਾ ਦੌਰੇ ਤਹਿਤ ਬਾਅਦ ਦੁਪਹਿਰ ਮੁਕੇਰੀਆਂ ਵਿਖੇ ਵਪਾਰਕ ਮਿਲਣੀ ਲਈ ਪਹੁੰਚਣਾ ਹੈ, ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Leave a Reply

Your email address will not be published. Required fields are marked *