ਪਟਿਆਲਾ, 17 ਫਰਵਰੀ
ਥਾਣਾ ਤ੍ਰਿਪੜੀ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠਲੀ ਪੁਲੀਸ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 15 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਕੋਲੋਂ 5000 ਡਰੱਗ ਮਨੀ ਵੀ ਮਿਲੀ। ਡੀਐੱਸਪੀ (ਸਿਟੀ-2) ਜੰਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਲੱਖਾ ਵਾਸੀ ਭਾਦਸੋਂ ਰੋਡ ਪਟਿਆਲਾ ਵਜੋਂ ਹੋਈ ਹੈ। ਇੰਸਪੈਕਟਰ ਗੁਰਪ੍ਰੀਤ ਭਿੰਡਰ ਦੀ ਅਗਵਾਈ ਹੇਠਾਂ ਜਦੋਂ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਵੱਲੋਂ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸਕੂਟਰ ‘ਤੇ ਆ ਰਹੇ ਵਿਅਕਤੀ ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ। ਰੁਕਦੀਆਂ ਹੀ ਉਸ ਦੇ ਸਕੂਟਰ ‘ਤੇ ਪਿਆ ਥੈਲਾ ਹੇਠਾਂ ਡਿੱਗ ਪਿਆ ਅਤੇ ਖੁੱਲ੍ਹ ਗਿਆ, ਜਿਸ ਦੇ ਵਿੱਚੋਂ ਭੂਰੇ ਰੰਗ ਦਾ ਪਾਊਡਰ ਬਾਹਰ ਖ਼ਿੰਡ ਗਿਆ। ਜਾਂਚ ’ਤੇ ਪਤਾ ਲੱਗਿਆ ਕਿ ਇਹ ਭੁੱਕੀ ਹੈ। ਪੁਲੀਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਭੁੱਕੀ ਵੀ ਕਬਜ਼ੇ ਵਿੱਚ ਲੈ ਲਈ। ਇੰਸਪੈਕਟਰ ਗੁਰਪ੍ਰੀਤ ਭਿੰਡ ਦਾ ਕਹਿਣਾ ਸੀ ਕਿ ਇਸ ਮੌਕੇ ਜਦੋਂ ਮੁਲਜਮ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕਬਜ਼ੇ ਵਿੱਚੋਂ 5000 ਰੁਪਏ ਡਰੱਗ ਮਨੀ ਵੀ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਤ੍ਰਿਪੜੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਬ ਇੰਸਪੈਕਟਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।