ਮਿਊਨਿਖ, 17 ਫਰਵਰੀ
ਕੈਨੇਡਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਕਾਰਨ ਦੋਵਾਂ ਦੇਸ਼ਾਂ ਵਿਚ ਕੂਟਨੀਤਕ ਵਿਵਾਦ ਦੇ ਬਾਵਜੂਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਕੈਨੇਡੀਅਨ ਹਮਰੁਤਬਾ ਮੇਲਾਨੀਆ ਜੋਲੀ ਨਾਲ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਅੱਜ ਜਰਮਨੀ ‘ਚ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਇਹ ਮੁਲਾਕਾਤ ਪਿਛਲੇ ਸਾਲ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਦੁਵੱਲੇ ਸਬੰਧਾਂ ਵਿੱਚ ਆਈ ਕੁੜੱਤਣ ਦਰਮਿਆਨ ਹੋਈ ਹੈ। ਜੈਸ਼ੰਕਰ ਨੇ ‘ਐਕਸ’ ‘ਤੇ ਪੋਸਟ ਕੀਤਾ, ‘ਮਿਊਨਿਖ ਸੁਰੱਖਿਆ ਕਾਨਫਰੰਸ 2024 ਦੇ ਮੌਕੇ ‘ਤੇ ਆਪਣੀ ਕੈਨੇਡੀਅਨ ਹਮਰੁਤਬਾ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨਾਲ ਮੁਲਾਕਾਤ ਕੀਤੀ। ਸਾਡੀ ਗੱਲਬਾਤ ਸਪੱਸ਼ਟ ਤੌਰ ‘ਤੇ ਸਾਡੇ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ‘ਤੇ ਕੇਂਦਰਿਤ ਸੀ। ਆਲਮੀ ਸਥਿਤੀ ‘ਤੇ ਵੀ ਸਾਰਥਕ ਚਰਚਾ ਹੋਈ।’ ਜੋਲੀ ਨੇ ‘ਐਕਸ’ ‘ਤੇ ਜੈਸ਼ੰਕਰ ਨਾਲ ਆਪਣੀ ਮੁਲਾਕਾਤ ਬਾਰੇ ਵੀ ਲਿਖਿਆ। ਉਨ੍ਹਾਂ ਲਿਖਿਆ, ‘ਮਿਊਨਿਖ ਸੁਰੱਖਿਆ ਕਾਨਫਰੰਸ 2024 ਵਿੱਚ ਡਾਕਟਰ ਐੱਸ. ਜੈਸ਼ੰਕਰ ਅਤੇ ਮੈਂ ਕੈਨੇਡਾ-ਭਾਰਤ ਸਬੰਧਾਂ ਅਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਸਮੇਤ ਮੌਜੂਦਾ ਕੌਮਾਂਤਰੀ ਮੁੱਦਿਆਂ ‘ਤੇ ਸਪੱਸ਼ਟ ਚਰਚਾ ਕੀਤੀ।’