ਘੁਮਾਣ- ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਦੋ ਧੜਿਆਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਐੱਸ. ਐੱਚ. ਓ. ਸ੍ਰੀ ਹਰਗੋਬਿੰਦਪੁਰ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਸ਼ਨੀਵਾਰ ਕਾਲਜ ’ਚ ਸਾਲਾਨਾ ਸਮਾਗਮ ਸੀ। ਇਸ ਦੌਰਾਨ ਵਿਦਿਆਰਥੀਆਂ ਦਾ ਆਪਸ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ’ਚ ਇਕ ਧਿਰ ਦੇ ਵਿਦਿਆਰਥੀਆਂ ਵੱਲੋਂ ਦੂਜੀ ਧਿਰ ਦੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ। ਇਸੇ ਰੰਜਿਸ਼ ਨੂੰ ਲੈ ਕੇ ਅੱਜ ਮੁੜ ਦੋਵਾਂ ਧੜਿਆਂ ’ਚ ਕਾਲਜ ਕੰਪਲੈਕਸ ’ਚ ਲੜਾਈ ਹੋ ਗਈ, ਜਿਸ ’ਚ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਕਾਲਜ ’ਚ ਹਫ਼ੜਾ-ਦਫ਼ੜੀ ਮੱਚ ਗਈ।
ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਗੁਰਿੰਦਰਬੀਰ ਸਿੰਘ ਸਿੱਧੂ ਅਤੇ ਐੱਸ. ਐੱਚ. ਓ. ਬਲਜੀਤ ਕੌਰ ਸਰਾਂ ਅਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਸੰਧੂ ਘੁਮਾਣ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਜਦਕਿ ਦੋਵਾਂ ਧੜਿਆਂ ਵੱਲੋਂ ਇਕ-ਦੂਜੇ ਉਪਰ ਦੋਸ਼ ਲਾਏ ਜਾ ਰਹੇ ਹਨ।
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਵੀ. ਕੇ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਬਹਿਸਬਾਜ਼ੀ ਹੋਈ, ਜਿਸ ਸਬੰਧੀ ਅਸੀਂ ਪੁਲਸ ਨੂੰ ਸੂਚਨਾ ਦੇ ਕੇ ਬੁਲਾ ਲਿਆ ਸੀ ਪਰ ਫਿਰ ਮੁ਼ੜ ਉਸੇ ਰੰਜਿਸ਼ ਕਾਰਨ ਇਕ ਧੜੇ ਵੱਲੋਂ ਇਕ ਵਿਦਿਆਰਥੀ ਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨੰਗਲ ਘੁਮਾਣ ਨੂੰ ਕਾਲਜ ਵਿਚ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਰ ਕੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ’ਤੇ ਕਾਲਜ ਵਿਚ ਬਾਹਰ ਦੋ ਗੱਡੀਆਂ ਵਿਚ ਸਵਾਰ ਹੋਏ ਕੁਝ ਨੋਜਵਾਨਾਂ ਵੱਲੋਂ ਕਾਲਜ ਵਿੱਚ ਗੋਲੀਆਂ ਚਲਾਈਆਂ ਗਈਆਂ ਪਰ ਇਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।