ਨਵੀਂ ਦਿੱਲੀ, 7 ਫਰਵਰੀ
ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਦੇ ਮਤੇ ’ਤੇ ਉਪਰਲੇ ਸਦਨ ‘ਚ ਚਰਚਾ ਦੌਰਾਨ ਕਾਰਵਾਈ ‘ਚੋਂ ਆਪਣੇ ਭਾਸ਼ਨ ਦੇ ਕੁਝ ਹਿੱਸਿਆਂ ਨੂੰ ਹਟਾਉਣ ‘ਤੇ ਇਤਰਾਜ਼ ਜਤਾਇਆ। ਉਪਰਲੇ ਸਦਨ ਵਿਚ ਇਹ ਮੁੱਦਾ ਉਠਾਉਂਦੇ ਹੋਏ ਸ੍ਰੀ ਖੜਗੇ ਨੇ ਕਿਹਾ ਕਿ 2 ਫਰਵਰੀ ਨੂੰ ਆਪਣੇ ਭਾਸ਼ਨ ਦੌਰਾਨ ਉਨ੍ਹਾਂ ਨੇ ਕੁਝ ਮੁੱਦੇ ਉਠਾਏ ਸਨ ਪਰ ਉਨ੍ਹਾਂ ਦੇ ਕਈ ਹਿੱਸਿਆਂ ਨੂੰ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ’ਤੇ ਚੇਅਰਮੈਨ ਜਗਦੀਪ ਧਨਖੜ ਤੋਂ ਸਪੱਸ਼ਟੀਕਰਨ ਮੰਗਿਆ। ਸ੍ਰੀ ਧਨਖੜ ਨੇ ਕਿਹਾ ਕਿ ਉਹ ਉਨ੍ਹਾਂ ਦੇ ਇਤਰਾਜ਼ਾਂ ‘ਤੇ ਬਾਅਦ ਵਿਚ ਬਿਆਨ ਦੇਣਗੇ। ਸ੍ਰੀ ਖੜਗੇ ਨੇ ਕਿਹਾ ਕਿ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਜਾਤੀ ਨਾਲ ਸਬੰਧਤ ਟਿੱਪਣੀਆਂ ਵਾਲੇ ਟਵੀਟ ਦਾ ਮੁੱਦਾ ਉਠਾਇਆ ਸੀ, ਹਾਲਾਂਕਿ ਉਨ੍ਹਾਂ ਨਾ ਤਾਂ ਕਿਸੇ ਮੁੱਖ ਮੰਤਰੀ ਦਾ ਨਾਂ ਲਿਆ ਅਤੇ ਨਾ ਹੀ ਸੂਬੇ ਦਾ ਨਾਂ।