ਸ੍ਰੀ ਆਨੰਦਪੁਰ ਸਾਹਿਬ, 6 ਫਰਵਰੀ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ‘ਆਪ ਸਰਕਾਰ ਲੋਕਾਂ ਦੇ ਦੁਆਰ’ ਯੋਜਨਾ ਤਹਿਤ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਕੈਂਪਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਲੰਮਲੈਹੜੀ, ਗੰਗੂਵਾਲ ਅਤੇ ਨਾਨੋਵਾਲ, ਭਾਓਵਾਲ ਵਿੱਚ ਲਗਾਏ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਲੋਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਘਰਾਂ ਨੇੜੇ ਲੈ ਸਕਦੇ ਹਨ। ਮੰਤਰੀ ਨੇ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।
ਆਨੰਦਪੁਰ ਸਾਹਿਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਚਾਰਦੀਵਾਰੀ, ਪਖਾਨੇ, ਕਲਾਸ ਰੂਮ ਉਸਾਰੇ ਜਾ ਰਹੇ ਹਨ। 2 ਸਕੂਲ ਆਫ ਐਮੀਨੈਂਸ ਬਣਾਏ ਗਏ ਹਨ, ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਟ੍ਰਾਸਪੋਰਟ ਦੀ ਸੁਵਿਧਾਂ ਦਿੱਤੀਆਂ ਗਈਆਂ ਹਨ।
ਘਨੌਲੀ (ਜਗਮੋਹਨ ਸਿੰਘ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਲਕੇ ਦੇ ਪਿੰਡ ਭਾਓਵਾਲ ਤੋਂ ਕੈਂਪਾਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਨ੍ਹਾਂ ਦੇਰ ਸ਼ਾਮ ਤੱਕ ਭਰਤਗੜ੍ਹ ਨੇੜਲੇ ਵੱਖ-ਵੱਖ ਪਿੰਡਾਂ ਵਿੱਚ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਸਣੇ ਜਾ ਕੇ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ 44 ਸਹੂਲਤਾਂ ਮੁਹੱਈਆ ਕਰਵਾਈਆਂ।
ਉਨ੍ਹਾਂ ਨੇ ਦੱਸਿਆ ਕਿ ਜੇ ਕੈਂਪ ਵਿੱਚ ਕਿਸੇ ਕਾਰਨ ਕੋਈ ਵਿਅਕਤੀ ਨਹੀਂ ਪਹੁੰਚ ਸਕਦਾ ਤਾਂ ਉਹ ਨੰਬਰ-1076 ’ਤੇ ਟੈਲੀਫੋਨ ਕਰ ਕੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਘਰ ਬੁਲਾ ਕੇ ਸਰਕਾਰੀ ਦਫ਼ਤਰਾਂ ਦੇ ਕੰਮ ਕਰਵਾ ਸਕਦਾ ਹੈ। ਇਹ ਕਰਮਚਾਰੀ ਆਮ ਲੋਕਾਂ ਦੀ ਸਹੂਲਤ ਮੁਤਾਬਿਕ ਤਹਿ ਸਮੇਂ ’ਤੇ ਉਨ੍ਹਾਂ ਦੇ ਘਰ ਪਹੁੰਚਣਗੇ। ਉਨ੍ਹਾਂ ਅੱਜ ਖੁ਼ੁਦ ਲੋਕਾਂ ਕੋਲ ਬਹਿ ਕੇ ਸਮੱਸਿਆਵਾਂ ਸੁਣੀਆਂ ਤੇ ਹਾਜ਼ਰ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸਡੀਐੱਮ ਰੂਪਨਗਰ ਰਾਜਪਾਲ ਸਿੰਘ ਸੇਖੋਂ, ਡੀਐੱਸਪੀ ਅਜੇ ਸਿੰਘ, ਬੀਡੀਪੀਓ ਰੂਪਨਗਰ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਸਵਰਨ ਸਿੰਘ ਸੈਂਪਲਾ ਤੇ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।