ਚੰਡੀਗੜ੍ਹ, 6 ਫਰਵਰੀ
ਆਮ ਆਦਮੀ ਪਾਰਟੀ (ਆਪ) ਵੱਲੋਂ ਮੇਅਰ ਚੋਣਾਂ ਖ਼ਿਲਾਫ਼ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਅੱਜ ‘ਆਪ’ ਨੇ ਚੰਡੀਗੜ੍ਹ ਮੇਅਰ ਚੋਣ ਵਿੱਚ ਮਤ-ਪੱਤਰਾਂ ਦੀ ਗਿਣਤੀ ਦੀ ਵੀਡੀਓ ਜਨਤਕ ਕੀਤੀ ਗਈ। ਇਸ ਮੌਕੇ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਦੋਸ਼ ਲਗਾਏ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਮਤ-ਪੱਤਰਾਂ ਨਾਲ ਛੇੜਛਾੜ ਕੀਤੀ ਗਈ ਹੈ। ਭਾਜਪਾ ਨੇ ਵੋਟਾਂ ਨਾਲ ਛੇੜਛਾੜ ਕਰ ਕੇ ਜਾਣਬੁੁੱਝ ਕੇ ਵੋਟਾਂ ਰੱਦ ਕੀਤੀਆਂ ਸਨ।
ਡਾ. ਆਹਲੂਵਾਲੀਆ ਨੇ ਕਿਹਾ ਕਿ ਮੇਅਰ ਚੋਣ ਵਿੱਚ ਭਾਜਪਾ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਧੱਕੇਸ਼ਾਹੀ ਨੂੰ ਅੰਜਾਮ ਦਿੱਤਾ ਹੈ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਤਾਂ ਸਿਰਫ਼ ਕੰਮ ਪੂਰਾ ਕੀਤਾ ਹੈ, ਜਦੋਂਕਿ ਇਸ ਦਾ ਅਸਲ ਸਾਜ਼ਿਸ਼ਕਾਰ ਕੋਈ ਹੋਰ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰੀਜ਼ਾਈਡਿੰਗ ਅਫ਼ਸਰ ਦੇ ਨਾਲ-ਨਾਲ ਘਟਨਾ ਦੇ ਮੁੱਖ ਸਾਜ਼ਿਸ਼ਕਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਨਿਲ ਮਸੀਹ ਦੇ ਪ੍ਰਗਟਾਵੇ ਤੋਂ ਸਪੱਸ਼ਟ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਉਪਰੋਂ ਹੁਕਮ ਮਿਲੇ ਸਨ।
‘ਆਪ’ ਆਗੂ ਨੇ ਕਿਹਾ ਕਿ ਮੇਅਰ ਚੋਣ ਵਿੱਚ ਭਾਜਪਾ ਦੀ ਚੋਰੀ ਫੜੀ ਗਈ ਹੈ, ਹੁਣ ਉਹ ਬਚ ਨਹੀਂ ਸਕਦੀ ਹੈ। ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਭਾਜਪਾ ਨੇ ਮੇਅਰ ਚੋਣਾਂ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸੁਪਰੀਮ ਕੋਰਟ ਇਸ ਧੱਕੇਸ਼ਾਹੀ ਦੇ ਮਾਮਲੇ ’ਚ ਇਨਸਾਫ਼ ਦੇਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਭਾਜਪਾ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਮੇਅਰ ਚੋਣਾਂ ਵਿੱਚ ਭਾਜਪਾ ਦੀ ਧੱਕੇਸ਼ਾਹੀ ਵਿਰੁੱਧ ਨਗਰ ਨਿਗਮ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ 10 ਫਰਵਰੀ ਤੋਂ ‘ਆਪ’ ਨਗਰ ਨਿਗਮ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰੇਗੀ।