ਚੰਡੀਗੜ੍ਹ, 27 ਦਸੰਬਰ-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਸਾਲ 2023 ਦੌਰਾਨ 26 ਦਸੰਬਰ ਤੱਕ ਦਰਜ ਕੀਤੇ ਗਏ ਕੁੱਲ 251 ਟਰੈਪ ਕੇਸਾਂ, ਅਪਰਾਧਿਕ ਮਾਮਲਿਆਂ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸਾਂ ਵਿੱਚ 288 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ 66 ਪੁਲਿਸ ਕਰਮਚਾਰੀਆਂ ਅਤੇ 44 ਮਾਲ ਅਧਿਕਾਰੀਆਂ/ਕਰਮਚਾਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਵਿੱਚ 7 ਰਾਜਨੀਤਿਕ ਆਗੂਆਂ ਅਤੇ 70 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਇਸ ਸਾਲ ਦੌਰਾਨ 133 ਵੱਖ-ਵੱਖ ਟਰੈਪ ਕੇਸਾਂ ਵਿੱਚ 59,57,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਰਿਸ਼ਵਤ ਲੈਣ ਵਾਲਿਆਂ ਨੂੰ ਨੱਥ ਪਾਉਣ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਬਹੁ-ਪੱਖੀ ਪਹੁੰਚ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਅਣਥੱਕ ਮਿਹਨਤ, ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਹਰੇਕ ਖੇਤਰ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਵਿੱਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਗਤੀਵਿਧੀਆਂ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ‘ਤੇ ਡਟ ਕੇ ਪਹਿਰਾ ਦਿੱਤਾ ਤੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕੀਤੇ।
ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬਿਊਰੋ ਨੇ 103 ਅਪਰਾਧਿਕ ਅਤੇ 15 ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਕੀਤੇ ਹਨ। ਇਸ ਮਿਆਦ ਦੇ ਅੰਦਰ ਵੱਖ ਵੱਖ ਵਿਸ਼ੇਸ਼ ਅਦਾਲਤਾਂ ਨੇ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਗਏ 33 ਕੇਸਾਂ ਦਾ ਫੈਸਲਾ ਕੀਤਾ ਜਿਸ ਦੇ ਨਤੀਜੇ ਵਜੋਂ 43 ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਸੁਣਾਈ ਗਈ। ਵਿਜੀਲੈਂਸ ਨੇ ਇਸ ਸਮੇਂ ਦੌਰਾਨ ਵੱਖ-ਵੱਖ ਅਦਾਲਤਾਂ ਵਿੱਚ 181 ਕੇਸਾਂ ਦੇ ਚਲਾਨ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 82 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 23-03-2022 ਤੋਂ ਆਰੰਭੀ ਗਈ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੂੰ 26-12-2023 ਤੱਕ ਆਡੀਓ-ਵੀਡੀਓ ਰਿਕਾਰਡਿੰਗਾਂ ਦੇ ਸਬੂਤਾਂ ਸਮੇਤ 11,074 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 5740 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਕਾਰਵਾਈ ਹਿੱਤ ਭੇਜ ਦਿੱਤੀਆਂ ਗਈਆਂ ਅਤੇ 630 ਸ਼ਿਕਾਇਤਾਂ ਵੱਖ-ਵੱਖ ਵਿਜੀਲੈਂਸ ਰੇਂਜਾਂ ਨੂੰ ਭੇਜੀਆਂ ਗਈਆਂ ਤਾਂ ਜੋ ਇਨ੍ਹਾਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾ ਸਕੇ। ਵਿਜੀਲੈਂਸ ਰੇਂਜਾਂ ਦੁਆਰਾ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਹੁਣ ਤੱਕ ਦਰਜ ਕੀਤੀਆਂ 124 ਐਫਆਈਆਰਜ਼ ਵਿੱਚ 151 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਵੱਖ-ਵੱਖ ਟਰੈਪ ਕੇਸਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਵੱਖ-ਵੱਖ ਵਿਜੀਲੈਂਸ ਰੇਂਜਾਂ ਵੱਲੋਂ ਦਰਜ ਕੀਤੇ ਗਏ ਕੁਝ ਖਾਸ ਕੇਸਾਂ ਬਾਰੇ ਦੱਸਿਆ ਕਿ ਸਾਲ 2023 ਦੌਰਾਨ ਵਿਜੀਲੈਂਸ ਬਿਓਰੋ ਰੇਂਜ ਬਠਿੰਡਾ ਵੱਲੋਂ ਬਲਜੀਤ ਸਿੰਘ ਬਰਾੜ, ਡੀ.ਐਸ.ਪੀ, ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ, ਅਮਿਤ ਰਤਨ, ਵਿਧਾਇਕ, ਬਠਿੰਡਾ ਦਿਹਾਤੀ ਨੂੰ 4,00,000 ਰੁਪਏ ਰਿਸ਼ਵਤ ਲੈਂਦਿਆਂ, ਆਰ.ਕੇ. ਗੁਪਤਾ, ਸੁਪਰਡੈਂਟ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੋਹਾਲੀ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਵਿਜੀਲੈਂਸ ਰੇਂਜ ਜਲੰਧਰ ਵੱਲੋਂ ਸਰਤਾਜ ਸਿੰਘ ਰੰਧਾਵਾ ਕਾਰਜਕਾਰੀ ਇੰਜਨੀਅਰ ਮਾਈਨਿੰਗ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ ਐਸ.ਡੀ.ਓ, ਮਾਈਨਿੰਗ, ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 5,00,000 ਰੁਪਏ ਰਿਸ਼ਵਤ ਲੈਂਦਿਆਂ ਅਤੇ ਸਰਬਜੀਤ ਸਿੰਘ ਐਸ.ਡੀ.ਓ ਮਾਈਨਿੰਗ ਅਤੇ ਹੋਰਾਂ ਨੂੰ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਵਿਖੇ ਤਾਇਨਾਤ ਐਸਐਮਓ ਡਾ. ਪੂਨਮ ਗੋਇਲ ਅਤੇ ਡਾ. ਗੌਰਵ ਜੈਨ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿਜੀਲੈਂਸ ਰੇਂਜ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਅਮਰਜੀਤ ਕੁਮਾਰ, ਸਹਾਇਕ ਇੰਜੀਨੀਅਰ (ਵਾਧੂ ਚਾਰਜ ਪੰਚਾਇਤ ਵਿਭਾਗ, ਰਾਜਪੁਰਾ) ਨੂੰ 2,00,000 ਰੁਪਏ ਅਤੇ ਮਨੀਸ਼ ਕੁਮਾਰ ਜਿੰਦਲ, ਵਧੀਕ ਸੁਪਰਡੈਂਟ ਇੰਜੀਨੀਅਰ, ਸਬ-ਡਵੀਜ਼ਨ ਪੀ.ਐਸ.ਪੀ.ਸੀ.ਐਲ. ਲਹਿਰਾ ਗਾਗਾ, ਸੰਗਰੂਰ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਯੂਨਿਟ ਵੱਲੋਂ ਵਿਪਨ ਕੁਮਾਰ ਸ਼ਰਮਾ, ਬੀ.ਡੀ.ਪੀ.ਓ., ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੂੰ 15,000 ਰੁਪਏ ਰਿਸ਼ਵਤ ਲੈਣ, ਜਦਕਿ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ), ਅੰਮ੍ਰਿਤਸਰ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਸੁਖਵਿੰਦਰ ਸਿੰਘ ਮੁਲਤਾਨੀ, ਕਾਰਜਕਾਰੀ ਇੰਜੀਨੀਅਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇੱਕ ਹੋਰ ਮਾਮਲੇ ਵਿੱਚ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਜ਼ਮੀਨ ਅਲਾਟ ਕਰਨ ਦੇ ਦੋਸ਼ ਹੇਠ ਕੁਲਦੀਪ ਸਿੰਘ, ਡੀਡੀਪੀਓ (ਸੇਵਾਮੁਕਤ) ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵਿਜੀਲੈਂਸ ਰੇਂਜ ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਫਾਰਮੇਸੀ ਦੀਆਂ ਡਿਗਰੀਆਂ ਦੇਣ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਵਿੱਚ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟਰਾਰ ਪ੍ਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ ਤੋਂ ਇਲਾਵਾ ਲੇਖਾਕਾਰ (ਹੁਣ ਸੁਪਰਡੈਂਟ) ਅਸ਼ੋਕ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਰੇਂਜ ਪੰਜਾਬ ਨੇ ਸੂਬੇ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕਈ ਸਿਆਸੀ ਆਗੂਆਂ, ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਮੈਨੇਜਿੰਗ ਡਾਇਰੈਕਟਰ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਨੀਲਿਮਾ, ਆਈ.ਏ.ਐਸ., ਪੰਜਾਬ ਦੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਗੁਲਮੋਹਰ ਟਾਊਨਸ਼ਿਪ ਮੋਹਾਲੀ ਦਾ ਮਾਲਕ ਜਗਦੀਪ ਸਿੰਘ ਅਤੇ ਹੋਰ ਸ਼ਾਮਲ ਸਨ। ਇਸ ਤੋਂ ਇਲਾਵਾ, ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਰੁੱਧ ਪਲਾਟਾਂ ਦੀ ਖਰੀਦ ਵਿਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੁਲਿਸ ਮਾਲਵਿੰਦਰ ਸਿੰਘ ਸਿੱਧੂ ਅਤੇ ਹੋਰਨਾਂ ਨੂੰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਿਆਂ ਵਿਜੀਲੈਂਸ ਬਿਓਰੋ ਨੇ ਜਗਦੀਪ ਸਿੰਘ ਜੌਹਲ, ਪੀ.ਸੀ.ਐਸ., ਦਿਨੇਸ਼ ਕੁਮਾਰ, ਡਿਪਟੀ ਡਾਇਰੈਕਟਰ (ਸੇਵਾਮੁਕਤ), ਬਾਗਬਾਨੀ, ਜਸਪ੍ਰੀਤ ਸਿੰਘ ਸਿੱਧੂ ਅਤੇ ਵੈਸ਼ਾਲੀ (ਦੋਵੇਂ ਬਾਗਬਾਨੀ ਵਿਕਾਸ ਅਫ਼ਸਰ) ਅਤੇ ਹੋਰਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ‘ਤੇ ਅਮਰੂਦਾਂ ਦਾ ਬਾਗ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਮੁਆਵਜ਼ਾ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਨੂੰ 4.78 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੀ.ਐਸ.ਪੀ.ਸੀ.ਐਲ. ਦੇ ਜਗਮੋਹਨ ਸਿੰਘ, ਰਵਿੰਦਰ ਸਿੰਘ ਅਤੇ ਵਿਨੋਦ ਕੁਮਾਰ, ਸਾਰੇ ਚੀਫ਼ ਇੰਜਨੀਅਰ (ਸੇਵਾਮੁਕਤ), ਐਮ.ਆਰ. ਥਾਪਰ ਅਤੇ ਪਰਮਿੰਦਰ ਸਿੰਘ, ਦੋਵੇਂ ਡਿਪਟੀ ਚੀਫ਼ ਇੰਜਨੀਅਰ (ਸੇਵਾਮੁਕਤ), ਸੁਖਵੰਤ ਸਿੰਘ ਏ.ਈ.ਈ (ਹੁਣ ਏ.ਈ.), ਜਸਵਿੰਦਰ ਸਿੰਘ ਵਿਰਦੀ, ਏ.ਈ.ਈ., ਅਤੇ ਹੋਰਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰਵੀ ਪੰਕਜ ਸ਼ਰਮਾ, ਸਹਾਇਕ ਟਾਊਨ ਪਲਾਨਰ, ਜਲੰਧਰ ਅਤੇ ਹੋਰਾਂ ਨੂੰ 8,00,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਰ.ਟੀ.ਏ, ਲੁਧਿਆਣਾ ਵਜੋਂ ਤਾਇਨਾਤ ਪੀ.ਸੀ.ਐਸ. ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ, ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵੱਲੋਂ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2008-2009 ਵਿੱਚ ਡਾਕਟਰਾਂ ਦੀ ਭਰਤੀ ਵਿੱਚ ਘੁਟਾਲੇ ਕਰਨ ਦੇ ਦੋਸ਼ ਵਿੱਚ ਡਾ. ਸਤਵੰਤ ਸਿੰਘ ਮੋਹੀ, ਸਾਬਕਾ ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.), ਪਟਿਆਲਾ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਿਆਸੀ ਆਗੂਆਂ, ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓ.ਪੀ.ਸੋਨੀ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸਾਬਕਾ ਵਿਧਾਇਕ, ਫਿਰੋਜ਼ਪੁਰ ਦਿਹਾਤੀ ਸਤਕਾਰ ਕੌਰ ਗਹਿਰੀ ਅਤੇ ਉਸ ਦਾ ਪਤੀ ਜਸਮੇਲ ਸਿੰਘ, ਸਾਬਕਾ ਵਿਧਾਇਕ ਅਤੇ ਸਾਬਕਾ ਮੈਂਬਰ, ਪੀ.ਪੀ.ਐੱਸ.ਸੀ. ਪਟਿਆਲਾ ਡਾ. ਸਤਵੰਤ ਸਿੰਘ ਮੋਹੀ, ਏ.ਆਈ.ਜੀ. ਅਸ਼ੀਸ਼ ਕਪੂਰ, ਪੀ.ਪੀ.ਐਸ., ਅਤੇ ਉਸ ਦੀ ਪਤਨੀ ਕਮਲ ਕਪੂਰ ਅਤੇ ਸਾਬਕਾ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ (ਡੀ.ਈ.ਟੀ.ਸੀ.), ਪਟਿਆਲਾ ਯੁਵਿੰਦਰ ਸਿੰਘ ਮੱਤਾ ਸ਼ਾਮਲ ਹਨ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਹੁਤ ਘੱਟ ਕੀਮਤ ‘ਤੇ ਲੀਜ਼ ‘ਤੇ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਡਾਇਰੈਕਟਰ ਸੈਰ ਸਪਾਟਾ ਕਮਲਪ੍ਰੀਤ ਬਰਾੜ, ਆਈ.ਏ.ਐਸ ਅਤੇ ਸੰਜੇ ਕੁਮਾਰ, ਆਈ.ਏ.ਐਸ. (ਸੇਵਾਮੁਕਤ) ਵਿਰੁੱਧ ਇਸ ਸਾਲ ਵਿਜੀਲੈਂਸ ਜਾਂਚ (ਵੀ.ਈਜ਼) ਦਰਜ ਕੀਤੀ ਗਈ। ਹੈ। ਇਸ ਤੋਂ ਇਲਾਵਾ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਜਾਰੀ ਫੰਡਾਂ ਵਿੱਚ 303.90 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਅਤੇ ਹੋਰਨਾਂ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਜਾਂਚ ਦਰਜ ਕੀਤੀ ਗਈ।
ਇਸ ਤੋਂ ਇਲਾਵਾ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ, ਕੰਜ਼ਰਵੇਟਰ ਆਫ ਫਾਰੈਸਟਸ, ਸ਼ਿਵਾਲਿਕ ਪਹਾੜੀਆਂ, ਪੰਜਾਬ ਵਿਸ਼ਾਲ ਚੌਹਾਨ, ਆਈ.ਐਫ.ਐਸ., ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਆਈ.ਏ.ਐਸ. (ਸੇਵਾਮੁਕਤ), ਡਾ. ਸਵਰਨ ਸਿੰਘ ਚੰਨੀ, ਆਈ.ਏ.ਐਸ. (ਸੇਵਾਮੁਕਤ), ਜਗਦੀਸ਼ ਸਿੰਘ ਜੌਹਲ, ਪੀ.ਸੀ.ਐਸ. (ਸੇਵਾਮੁਕਤ), ਭੂਮੀ ਗ੍ਰਹਿਣ ਅਫ਼ਸਰ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ), ਮੇਅਰ, ਨਗਰ ਨਿਗਮ ਐਸ.ਏ.ਐਸ. ਨਗਰ ਅਮਰਜੀਤ ਸਿੰਘ ਜੀਤੀ, ਏ.ਆਈ.ਜੀ., ਹਿਊਮਨ ਰਾਈਟਸ ਸੈੱਲ, ਪੰਜਾਬ ਪੁਲਿਸ ਮਲਵਿੰਦਰ ਸਿੰਘ ਸਿੱਧੂ, ਪੀ.ਪੀ.ਐਸ., ਕਾਰਜਕਾਰੀ ਅਧਿਕਾਰੀ, ਕੋਆਰਡੀਨੇਸ਼ਨ, ਪੁੱਡਾ, ਐਸ.ਏ.ਐਸ. ਨਗਰ ਮਹੇਸ਼ ਬਾਂਸਲ, ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸੰਗਰੂਰ ਵਿਪਨ ਬਾਂਸਲ, ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ, ਮੁੱਖ ਵਾਤਾਵਰਣ ਇੰਜੀਨੀਅਰ, ਪੀਪੀਸੀਬੀ, ਲੁਧਿਆਣਾ ਸੰਦੀਪ ਬਹਿਲ ਅਤੇ ਅਮਰੂਦ ਦੇ ਬਾਗ ਸਬੰਧੀ ਮਾਮਲੇ ਦਾ ਮੁੱਖ ਦੋਸ਼ੀ ਬਚਿੱਤਰ ਸਿੰਘ, ਪਟਵਾਰੀ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਸਪਤਾਹ ਦੌਰਾਨ, ਵਿਜੀਲੈਂਸ ਬਿਊਰੋ ਵੱਲੋਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸੈਮੀਨਾਰ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਵੀ ਚੁਕਾਈ ਗਈ।