ਕਿਰਤੀ ਕਿਸਾਨ ਯੂਨੀਅਨ ਨੇ ਦਲਿਤ ਮਜ਼ਦੂਰਾਂ ਦਾ ਨਜ਼ੂਲ ਜ਼ਮੀਨ ਦਾ ਹੱਕ ਖੋਹਣ ਲਈ ਪੰਜਾਬ ਪੁਲਿਸ ਦੀ ਵੱਡੀ ਨਫਰੀ ਵਲੋਂ ਸਾਦੀਹਰੀ(ਸੰਗਰੂਰ) ਦੇ ਦਲਿਤਾਂ ਦੇ ਘਰਾਂ ਉੱਤੇ ਹਮਲਾ ਕਰਨ, ਔਰਤਾਂ ਨਾਲ ਬਦਸਲੂਕੀ ਕਰਨ,ਸਮਾਨ,ਵਹੀਕਲਾਂ ਦੀ ਭੰਨਤੋੜ ਕਰਨ ਤੇ ਜ਼ਬਤ ਕਰਨ ਅਤੇ 25 ਦਲਿਤਾਂ ਨੂੰ ਗ੍ਰਿਫਤਾਰ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦਲਿਤਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਨਜ਼ੂਲ ਜ਼ਮੀਨ ਦਾ ਦਲਿਤ ਹੱਕ ਲੈਣ ਲਈ ਪਿੰਡ ਸਾਦੀਹਰੀ ਦਾ ਜ਼ਮੀਨੀ ਮੋਰਚਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਦਾ ਪ੍ਰਸ਼ਾਸਨ ਵਲੋਂ ਕੋਈ ਢੁਕਵਾਂ ਹੱਲ ਕਰਨ ਦੀ ਬਜਾਏ ਵਿੱਤ ਮੰਤਰੀ ਦੀ ਸਹਿ ਉੱਪਰ ਇਹਨਾਂ ਦਲਿਤ ਮਜ਼ਦੂਰਾਂ ਤੋਂ ਨਜ਼ੂਲ ਜ਼ਮੀਨ ਦਾ ਹੱਕ ਖੋਹ ਕੇ ਪਿੰਡ ਦੀ ਰਾਜਨੀਤਿਕ ਧੜੇਬੰਦੀ ਕਾਰਨ ਕੁਝ ਜਾਅਲਸਾਜ਼ੀ ਨਾਲ ਬਣੇ ਮੈਂਬਰ ਨੂੰ ਹੀ ਜ਼ਮੀਨ ਦੇਣ ਦੇ ਇਰਾਦੇ ਨਾਲ ਪਿੰਡ ਦੇ 250 ਘਰਾਂ ਦੇ ਦਲਿਤਾਂ ਨੂੰ ਜ਼ਮੀਨ ਚੋ ਡੰਡੇ ਦੇ ਜ਼ੋਰ ‘ਤੇ ਪੁਲਿਸ ਵਲੋਂ ਖਦੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਕੜੀ ਤਹਿਤ ਪੁਲਿਸ ਵਲੋਂ ਵੱਡੀ ਗਿਣਤੀ ‘ਚ ਹਮਲਾ ਕਰ ਦਿੱਤਾ ਗਿਆ। ਦਲਿਤਾਂ ਦੇ ਟੈਂਟ ਪੁੱਟ ਦਿੱਤੇ ਗਏ। ਔਰਤਾਂ ਨਾਲ ਬਦਸਲੂਕੀ ਕੀਤੀ ਗਈ ਤੇ ਉਹਨਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ, ਜਿਸ ਦੀ ਜਿੰਨੀਂ ਵੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਪ੍ਰਸ਼ਾਸਨ ਆਪਣੀਆਂ ਦਲਿਤਾਂ ਵਿਰੋਧੀ ਹਰਕਤਾਂ ਤੋਂ ਬਾਜ ਆਵੇ ਤੇ ਦਲਿਤਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਜਬਰ ਢਾਹੁਣ ਵਾਲੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।