ਚੰਡੀਗੜ੍ਹ, 2 ਦਸੰਬਰ- ਭਾਵੇਂ ਮੌਜੂਦਾ ਯੁੱਗ ਵਿੱਚ ਸਿੱਖ ਪਛਾਣ ਸੰਸਾਰ ਪੱਧਰ ਉੱਤੇ ਪੁਖਤਾ ਹੋ ਗਈ ਹੈ ਫਿਰ ਵੀ ਮੁਢਲੇ ਦਿਨਾਂ ਦੀ ਤਰਜ਼ ਉੱਤੇ ਅੱਜ ਸਿੱਖ ਨਿਆਰੇਪਨ ਉੱਤੇ ਅਕਾਦਮਿਕ ਅਤੇ ਰਾਜਨੀਤਿਕ ਹਮਲੇ ਅੱਜ ਵੀ ਜਾਰੀ ਹਨ ਜਿਨ੍ਹਾਂ ਦਾ ਮੁਕਾਬਲਾ ਡੂੰਘੇ ਸਮਕਾਲੀ ਸਿੱਖ ਅਧਿਐਨ ਨਾਲ ਹੀ ਕੀਤਾ ਜਾ ਸਕਦਾ ਹੈ।
ਇੰਸਟੀਚਿਊਟ ਆਫ ਸਿੱਖ ਸਟਡੀਜ਼, ਚੰਡੀਗੜ੍ਹ ਵੱਲੋਂ “ਸਮਕਾਲੀ ਸਿੱਖ ਅਧਿਐਨ ਵਿੱਚ ਪ੍ਰਮੁੱਖ ਸਰੋਕਾਰ” ਦੇ ਵਿਸ਼ੇ ਉੱਤੇ 8 ਵਾਂ ਡਾ. ਖੜਕ ਸਿੰਘ ਦਾ ਭਾਸ਼ਣ ਦਿੰਦਿਆਂ, ਨਾਮਵਰ ਇਤਿਹਾਸਕਾਰ ਡਾ. ਇੰਦੂ ਬੰਗਾ ਨੇ ਕਿਹਾ ਕਿ ਪੱਛਮ ਦੀ ਅਕਾਦਮਿਕਤਾ ਵਿੱਚ ਪੜ੍ਹੇ ਅਤੇ ਸਿੱਖੇ ਹੋਏ ਸਕਾਲਰ ਸਿੱਖੀ ਨੂੰ ਸਿਰਫ ਤਰਕ-ਬਤਰਕ ਦੇ ਨਜ਼ਰੀਏ ਤੋਂ ਹੀ ਵਾਚਦੇ ਅਤੇ ਪੇਸ਼ ਕਰਦੇ ਹਨ। ਜਨਮ ਸਾਖੀਆਂ ਅਤੇ ਗੁਰੂਆਂ ਨਾਲ ਸਬੰਧਤ ਵਾਕਿਆਂ ਉੱਤੇ ਸਵਾਲ ਖੜੇ ਕਰਦੇ ਹਨ। ਅਜਿਹੇ ਅਲੋਚਕਾਂ ਦਾ ਆਗੂ ਈਸਾਈ ਮਿਸ਼ਨਰੀ ਪਿੱਠ-ਭੂਮੀ ਵਾਲਾ ਡਬਲਿਓ. ਐਚ. ਮੈਕਲਾਇਡ ਹੈ, ਜੋ ਸਿੱਖ ਫਲਸਫੇ/ਇਤਿਹਾਸ ਦਾ ਡੂੰਘਾ ਅਧਿਐਨ ਕਰ ਕੇ, ਭਾਰਤੀ ਸਕਾਲਰਾਂ ਦੇ ਸਿੱਖੀ ਅਧਿਐਨ ਅਤੇ ਪੇਸ਼ਕਾਰੀ ਉੱਤੇ ਵੱਡੇ ਸਵਾਲ ਖੜਾ ਕਰਦਾ ਹੈ। ਇਸ ਕਰਕੇ, ਸਾਡੇ ਆਪਣੇ ਇਤਿਹਾਸਕਾਰ ਅਤੇ ਸਕਾਲਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ “ਮੈਕਲਾਇਡ ਸਕੂਲ” ਦੇ ਵਿਦਵਾਨਾਂ ਦਾ ਮੂੰਹ ਤੋੜ ਜਵਾਬ ਦੇਣ।
ਡਾ. ਬੰਗਾ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਦੀ ਧਰਮ ਨਾਲ ਕੋਈ ਵਿਰੋਧਤਾ ਨਹੀਂ। ਸਗੋਂ ਤੱਥਾਂ ਅਧਾਰਤ ਮਾਡਰਨ ਇਤਿਹਾਸ ਲੇਖਣੀ ਸਿੱਖ ਧਰਮ ਨੂੰ ਵੱਧ ਨਿਖੇਰਦੀ ਹੈ ਜਿਸਨੇ ਪਿਛਲੇ ਪੰਜ ਸੌ ਸਾਲਾ ਵਿੱਚ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਅਤੇ ਜ਼ਿੰਦਗੀ ਨੂੰ ਘਟਨਾਸ਼ੀਲ ਬਣਾ ਕੇ ਰੱਖਿਆ ਹੈ।
ਉਹਨਾਂ ਕਿਹਾ, ਸਿੱਖ ਹਿਸਟਰੀ ਦੀ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਸਿੱਖ ਅਤੇ ਗ਼ੈਰ-ਸਿੱਖ ਸਕਾਲਰਾਂ ਦੀ ਪੇਸ਼ਕਾਰੀ ਸਗੋਂ ਸਿੱਖ ਸਟੱਡੀਜ਼ ਨੂੰ ਜ਼ਿਆਦਾ ਅਮੀਰੀ ਬਖ਼ਸ਼ਦੀ ਹੈ। ਗੁਰੂ ਕਾਲ ਸਮੇਂ ਅਤੇ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਸਗੋਂ ਸਿੱਖ ਫਲਸਫੇ ਅਤੇ ਅਮਲੀ ਸਿੱਖ ਜੀਵਨ ਬਾਰੇ ਖੋਜ ਕਰਨ ਅਤੇ ਸਹੀ ਦ੍ਰਿਸ਼ਟੀਕੋਣ ਵਿਚ ਪੇਸ਼ ਕਰਨ ਲਈ ਵਡਮੁੱਲਾ ਖਜ਼ਾਨਾ ਹੈ, ਜਿਸਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ।
ਡਾ. ਬੰਗਾ ਨੇ ਕਿਹਾ ਨਿਵੇਕਲੇ ਸਿੱਖ ਪੰਥ, ਗ੍ਰੰਥ, ਅਮਲੀ ਜੀਵਨ ਤੇ ਦੁਨਿਆਵੀ ਦ੍ਰਿਸ਼ਟੀਕੋਣ ਦੀ ਸਥਾਪਨਾ ਬਾਬਾ ਗੁਰੂ ਨਾਨਕ ਨੇ ਆਪਣੇ ਸਮੇਂ ਵਿੱਚ ਹੀ ਕਰ ਦਿੱਤੀ ਸੀ। ਦੂਜੇ ਨੌਂ ਗੁਰੂਆਂ ਨੇ ਸਿੱਖ ਸੰਸਥਾਵਾਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸਿੱਖ ਪੰਥ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨਿਤਕ ਪੱਧਰ ਉੱਤੇ ਸੰਪੂਰਨਤਾ ਬਖਸ਼ੀ। ਬਹੁਤੇ ਗ਼ੈਰ ਸਿੱਖਾਂ ਵੱਲੋਂ ਸਿੱਖੀ ਨੂੰ ਸੁਧਾਰਵਾਦੀ ਲਹਿਰ ਪੇਸ਼ ਕਰਨ ਦੀ ਪ੍ਰਵਿਰਤੀ ਨੂੰ ਜ਼ੋਰ ਨਾਲ ਰੱਦ ਕਰਦਿਆਂ, ਡਾ. ਬੰਗਾ ਨੇ ਕਿਹਾ ਐਨ.ਸੀ.ਈ ਆਰ.ਟੀ ਅਤੇ ਹੋਰ ਵਿਦਿਆਕ ਅਦਾਰਿਆਂ ਦੀਆਂ ਪੁਸਤਕਾਂ ਵਿੱਚ ਅਜਿਹੀ ਗਲਤ ਬਿਆਨੀ ਕੀਤੀ ਹੋਈ ਹੈ। ਬੰਦਾ ਬਹਾਦਰ ਦੇ ਇਤਿਹਾਸਕ ਰੋਲ ਬਾਰੇ ਬੋਲਦਿਆਂ, ਡਾ. ਬੰਗਾ ਨੇ ਕਿਹਾ, ਉਹ ਮਹਾਨ ਯੋਧਾ ਸਿਰਫ “ਬਦਲਾ ਲੈਣ” ਨਹੀਂ ਆਇਆ ਸੀ, ਸਗੋਂ ਉਸਦਾ ਮਿਸ਼ਨ ਰਾਜਸੀ ਪ੍ਰਭੂਸੱਤਾ ਦੀ ਲੜਾਈ ਲੜਕੇ ਦੱਬੇ-ਕੁਚਲਿਆਂ ਨੂੰ ਸਵੈ-ਰਾਜ ਦੀ ਪ੍ਰਾਪਤੀ ਦੇ ਰਾਹ ਤੋਰਨਾ ਸੀ।
ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ ਨੇ ਪ੍ਰਧਾਨਗੀ ਭਾਸ਼ਨ ਵਿੱਚ ਬੰਦੇ ਬਹਾਦਰ ਦੇ ਕਿਰਦਾਰ ਦੀ ਸਲਾਘਾ ਕਰਦਿਆਂ ਕਿਹਾ ਉਸਦੀ ਲਾਸਾਨੀ ਕੁਰਬਾਨੀ ’ਤੇ ਉਸਦੀ ਵਿਰੋਧੀ ਧਿਰ ‘ਤੱਤ ਖ਼ਾਲਸਾ’ ਦੇ ਰੋਲ ਉੱਤੇ ਹੁਣ ਸਵਾਲ ਖੜ੍ਹੇ ਹੋਣ ਲੱਗ ਪਏ।
ਇਸ ਮੌਕੇ ਉੱਤੇ ਜਨਰਲ ਰਾਜਿੰਦਰ ਸਿੰਘ ਸੁਜਲਾਨਾ ਨੇ ਇੰਸਟੀਚਿਊਟ ਬਾਰੇ ਜਾਣਕਾਰੀ ਦਿੱਤੀ।
ਇਸ ਸੈਮੀਨਾਰ ਵਿੱਚ ਜਸਪਾਲ ਸਿੰਘ ਸਿੱਧੂ, ਡਾ. ਗੁਰਚਰਨ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਡਾ. ਜਸਵੰਤ ਸਿੰਘ (ਦਿੱਲੀ), ਡਾ. ਚਰਨਜੀਤ ਕੌਰ (ਮੁੱਖੀ, ਇਤਿਹਾਸ ਵਿਭਾਗ), ਡਾ. ਵਰਿੰਦਰਾ ਕੌਰ, ਡਾ. ਗੁਰਮੇਲ ਸਿੰਘ (ਸਿੱਖ ਅਧਿਐਨ), ਅਮਰਿੰਦਰ ਸਿੰਘ, ਡਾ. ਰਣਜੀਤ ਪੁਵਾਰ, ਡਾ. ਬਿਕਰਮ ਸਿੰਘ ਅਤੇ ਡਾ. ਕੁਲਵੰਤ ਸਿੰਘ ਵੀ ਸ਼ਾਮਿਲ ਸਨ।