ਮੁਹਾਲੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਅਗਵਾਈ ਵਿਚ ਕਿ ਸਾਂਝੇ ਆਪ੍ਰੇਸ਼ਨ ਵਿਚ ਗੈਂਗਸਟਰ ਲੱਕੀ ਪਟਿਆਲ ਨਾਲ ਜੁੜੇ ਬੰਬੀਹਾ ਗਿਰੋਹ ਦੇ ਤਿੰਨ ਗੁਰਗੇ ਫੜੇ ਹਨ। ਉਨ੍ਹਾਂ ਦੇ ਕਬਜ਼ੇ ’ਚੋਂ ਦੋ ਨਾਜਾਇਜ਼ ਹਥਿਆਰ ਤੇ ਇਕ ਬਾਈਕ ਬਰਾਮਦ ਹੋਈ ਹੈ। ਸੈੱਲ ਦੇ ਏਆਈਜੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਸੂਚਨਾ ਮਿਲੀ ਸੀ ਕਿ ਗੈਂਗਸਟਰ ਲੱਕੀ ਪਟਿਆਲ ਗਿਰੋਹ ਦੇ ਕੁਝ ਮੈਂਬਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਐਕਟਿਵ ਟਾਰਗੇਟ ਕਿਲਿੰਗ ਮਾਡਿਊਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਲੱਕੀ ਪਟਿਆਲ ਨੇ ਨਾਜਾਇਜ਼ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਕੀਤਾ ਸੀ ਤੇ ਕੁਝ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਪੰਜਾਬ ਵਿਚ ਆਪਣੇ ਪ੍ਰਮੁੱਖ ਗੁਰਗਿਆਂ ਨੂੰ ਕੰਮ ਸੌਂਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਸੀਆਈਏ ਬਠਿੰਡਾ ਤੇ ਐੱਸਐੱਸਓਸੀ ਮੁਹਾਲੀ ਦੀ ਸਾਂਝੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਨਾਲ ਜੁੜੇ ਤਿੰਨ ਗੁਰਗਿਆਂ ਨੂੰ ਫੜਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਜੱਗੀ ਉਰਫ ਚੀਨੀ, ਅਨਮੋਲ ਸਿੰਘ ਤੇ ਮਨਪਰੀਤ ਸਿੰਘ ਮਨੀ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਤੋਂ 2 ਪਿਸਤੌਲ, 10 ਕਾਰਤੂਸ ਤੇ ਇਕ ਬਾਈਕ ਬਰਾਮਦ ਕੀਤੇ ਹਨ। ਏਆਈਜੀ ਹੰਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਜੱਗੀ ਵਿਦੇਸ਼ ਵਿਚ ਰਹਿਣ ਵਾਲੇ ਗੈਂਗਸਟਰ ਲੱਕੀ ਪਟਿਆਲ ਦੇ ਸੰਪਰਕ ਵਿਚ ਸੀ ਤੇ ਟਾਰਗੇਟ ਕਿਲਿੰਗ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ। ਟਾਰਗੇਟ ਕਿਲਿੰਗ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਲੱਕੀ ਪਟਿਆਲ ਨੇ ਪੈਸੇ ਭੇਜੇ ਸਨ। ਏਆਈਜੀ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਵੱਡੀ ਖੇਪ ਲੈ ਕੇ ਆਏ ਸਨ ਤੇ ਪੰਜਾਬ ਵਿਚ ਉਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰਾਂ ਤੇ ਸਾਥੀਆਂ ਨੂੰ ਹਥਿਆਰ ਮੁਹੱਈਆ ਕਰਦੇ ਸਨ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।