ਬਠਿੰਡਾ- ਦੀਵਾਲੀ ਤੋਂ ਪਹਿਲਾਂ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਸ਼ਖ਼ਸ ਵੱਲੋਂ ਛੱਤ ‘ਤੇ ਚੜ੍ਹ ਕੇ ਚਾਚੇ ਦੇ ਮੁੰਡਿਆਂ ਨੂੰ ਗੋਲੀਆਂ ਨਾਲ ਭੁੰਨਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਦੋਹਾਂ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਵਜੋਂ ਹੋਈ ਹੈ। ਸਿਰਫ ਇੰਨਾ ਹੀ ਨਹੀਂ, ਗੋਲੀਆਂ ਚਲਾਉਣ ਵਾਲੇ ਕਥਿਤ ਦੋਸ਼ੀ ਗੁਰਸ਼ਰਨ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਚਾਚੇ-ਤਾਏ ਦੇ ਪਰਿਵਾਰਾਂ ਦੀ ਆਪਸ ‘ਚ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਦੋਸ਼ੀ ਨੇ ਆਪਣੇ ਚਾਚੇ ਦੇ ਮੁੰਡਿਆਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਕਾਰਨ ਪੂਰੇ ਪਿੰਡ ‘ਚ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਮ੍ਰਿਤਕਾਂ ਦੇ ਪਰਿਵਾਰਾਂ ‘ਚ ਡੂੰਘਾ ਸੋਗ ਛਾਇਆ ਹੋਇਆ ਹੈ।