ਵੋਟਾਂ ਬਣਾਉਣ ਦਾ ਕੰਮ ਫਰਵਰੀ ਤੱਕ ਵਧਾਇਆ ਜਾਵੇ – ਅਕਾਲੀ ਦਲ 1920
ਚੰਡੀਗੜ੍ਹ 4 ਨਵੰਬਰ 2023- ਅਕਾਲੀ ਦਲ 1920 ਦਾ ਉੱਚ-ਪੱਧਰੀ ਵਫਦ ਸਿੱਖ ਗੁਰਦੁਆਰਾ ਚੋਣ ਕਮਿਸ਼ਨਰ ਐਸ ਐਸ ਸਾਰੋਂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਵੋਟਾਂ ਬਣਾਉਣ ਦਾ ਕੰਮ ਫਰਵਰੀ ਤੱਕ ਵਧਾਇਆ ਜਾਵੇ ਤਾਂ ਜੋ ਸਮੁੱਚਾ ਸਿੱਖ ਭਾਈਚਾਰਾ ਆਪਣੀ ਸ਼ਮੂਲੀਅਤ ਕਰ ਸਕੇ। ਵਫਦ ਨੇ ਮੰਗ ਕੀਤੀ ਕਿ ਹਰ ਵੋਟਰ ਦੀ ਫੋਟੋ ਲਾਉਣੀ ਜ਼ਰੂਰੀ ਕਰਾਰ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗਲਤ ਵੋਟ ਨਾ ਪਾ ਸਕੇ ।
ਪਾਰਟੀ ਦੇ ਤਜਿੰਦਰ ਸਿੰਘ ਪੰਨੂ ਮੁਤਾਬਕ ਉਕਤ ਸਿੱਖ ਸੰਸਥਾ ਦੀਆਂ ਚੋਣਾਂ ਲੰਬੇ ਸਮੇਂ ਬਾਅਦ ਨਵੇਂ ਸਾਲ ਚ ਹੋ ਰਹੀਆਂ ਹਨ ਤੇ ਸਰਕਾਰੀ ਮਸ਼ੀਨ ਰੀ ਪੂਰੀ ਗੰਭੀਰਤਾ ਨਾਲ ਆਪਣਾ ਕੰਮ ਨਹੀਂ ਕਰ ਰਹੀ । ਦੂਸਰਾ ਸਿੱਖ ਵੋਟਰ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਚ ਰੁੱਝਾ ਹੈ। ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਵੀ ਸਿੱਖ ਸੰਗਤਾਂ ਬਿਰਹਾ ਚ ਗ਼ਮਗੀਨ ਹੋਣਗੀਆਂ। ਅਜਿਹੀ ਸਥਿਤੀ ਚ ਸਮੂਹਿਕ ਵੋਟ ਬਣਨੀ ਮੁਸ਼ਕਲ ਹੈ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ੋਰ ਦਿਤਾ ਗਿਆ ਹੈ ਕਿ ਉਹ ਸਿੱਖ ਵੋਟਰ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ , ਵੋਟ ਬਣਾਉਣ ਦਾ ਕੰਮ ਫਰਵਰੀ ਤੱਕ ਵਧਾਇਆ ਜਾਵੇ।ਪਾਰਟੀ ਦੇ ਉੱਚ ਪੱਧਰੀ ਵਫ਼ਦ ਨੂੰ ਜਸਟਿਸ ਐਸ ਐਸ ਸਾਰੋਂ ਨੇ ਭਰੋਸਾ ਦਵਾਇਆ ਕਿ ਉਨਾਂ ਦੀ ਮੰਗ ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ । ਇਸ ਮੌਕੇ ਤਜਿੰਦਰ ਸਿੰਘ ਪੰਨੂ, ਐਡਵੋਕੇਟ ਬਲਬੀਰ ਸਿੰਘ ਸੇਵਕ, ਹਰਬੰਸ ਸਿੰਘ ਕੰਧੋਲਾ ਜਨਰਲ ਸਕੱਤਰ ਆਦਿ ਹਾਜ਼ਰ ਸਨ।