ਨਵੀਂ ਦਿੱਲੀ – ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਬਹੁਤ ਖ਼ਰਾਬ ਸ਼੍ਰੇਣੀ ‘ਚ ਰਿਹਾ, ਜਦੋਂ ਕਿ ਘੱਟੋ-ਘੱਟ ਤਾਪਮਾਨ 17.3 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਸਵੇਰੇ 9 ਵਜੇ 350 ਦੀ ਰੀਡਿੰਗ ਨਾਲ ਖ਼ਰਾਬ ਹੋ ਗਿਆ।
ਸੋਮਵਾਰ ਸ਼ਾਮ 4 ਵਜੇ ਸ਼ਹਿਰ ਦਾ 24 ਘੰਟਿਆਂ ਦਾ ਔਸਤ ਏ.ਕਿਊ.ਆਈ. 347 ਦਰਜ ਕੀਤਾ ਗਿਆ। ਸੋਮਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ‘ਚ ਏ.ਕਿਊ.ਆਈ. ਦਾ ਪੱਧਰ ਗੰਭੀਰ ਖੇਤਰ ‘ਚ ਪਹੁੰਚ ਗਿਆ ਸੀ। ਜ਼ੀਰੋ ਅਤੇ 50 ਵਿਚਾਲੇ ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਸੰਤੋਸ਼ਜਨਕ’, 101 ਤੋਂ 200 ਵਿਚਾਲੇ ‘ਮੱਧਮ’ ਅਤੇ 201 ਤੋਂ 300 ਦਰਮਿਆਨ ‘ਖ਼ਰਾਬ’, 301 ਅਤੇ 400 ਵਿਚਾਲੇ ‘ਬਹੁਤ ਖ਼ਰਾਬ’ ਅਤੇ 401 ਤੋਂ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਦਫ਼ਤਰ ਨੇ ਦਿਨ ‘ਚ ਬਾਅਦ ‘ਚ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ।